Charan Kaur Shared New Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਆਪਣਾ ਹਰ ਦਿਨ ਪੁੱਤਰ ਦੀ ਯਾਦ ਵਿੱਚ ਗੁਜ਼ਾਰ ਰਹੇ ਹਨ। ਉਹ ਆਪਣੇ ਪੁੱਤਰ ਦੀ ਆਵਾਜ਼ ਸੁਣ ਅਤੇ ਮਰਹੂਮ ਗਾਇਕ ਦੇ ਗੀਤਾਂ ਨੂੰ ਮਿਲ ਰਹੇ ਦਰਸ਼ਕਾਂ ਦੇ ਪਿਆਰ ਤੋਂ ਬੇਹੱਦ ਖੁਸ਼ ਹਨ। ਹਾਲਾਂਕਿ ਮਾਤਾ ਚਰਨ ਕੌਰ ਹਰ ਦਿਨ ਆਪਣੇ ਦਰਦ ਨੂੰ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰ ਬਿਆਨ ਕਰਦੀ ਹੈ। ਇਸ ਵਿਚਾਲੇ ਉਨ੍ਹਾਂ ਵੱਲੋਂ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ। 


ਦਰਅਸਲ, ਮਾਤਾ ਚਰਨ ਕੌਰ ਵੱਲੋਂ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀ ਗਈ ਹੈ। ਇਸ਼ ਵਿੱਚ ਉਨ੍ਹਾਂ ਲਿਖਿਆ, ਜੋ ਕਹਿੰਦਾ ਸੀ ਰੋਇਆ ਨਾ ਕਰ... ਤੇਰੇ ਰੋਣ ਨਾਲ ਮੈਨੂੰ ਤਕਲੀਫ ਹੁੰਦੀ ਆ... ਓਹੀ ਮੈਨੂੰ ਰੋਂਦੀ ਹੋਈ ਨੂੰ ਛੱਡ ਗਿਆ...


ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ ਆਏ ਦਿਨ ਆਪਣੇ ਪੁੱਤਰ ਦੀ ਯਾਦ ਵਿੱਚ ਕੋਈ-ਨਾ-ਕੋਈ ਪੋਸਟ ਸਾਂਝੀ ਕੀਤੀ ਜਾਂਦੀ ਹੈ। ਜੋ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੂੰ ਵੀ ਭਾਵੁਕ ਕਰ ਜਾਂਦੀ ਹੈ। ਇਸ ਤੋਂ ਇਲਾਵਾ ਮਰਹੂਮ ਗਾਇਕ ਦੇ ਮਾਤਾ ਅਤੇ ਪਿਤਾ ਦੋਵੇਂ ਲਗਾਤਾਰ ਪੁੱਤਰ ਦੇ ਇਨਸਾਫ ਦੀ ਜੰਗ ਲੜ੍ਹ ਰਹੇ ਹਨ। 


ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈ ਗੱਲਬਾਤ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਿਡਰ ਸੀ ਜੋ ਕਦੇ ਵੀ ਸਮੇਂ ਦੇ ਮੁਤਾਬਕ ਨਹੀਂ ਚਲਦਾ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਧੂ ਨੂੰ ਅੱਜ ਟੀਵੀ ਜਾਂ ਸੋਸ਼ਲ ਮੀਡੀਆ ਉੱਤੇ ਗ਼ਲਤ ਬੋਲ ਰਹੇ ਹਨ ਉਹ ਆਪਣਾ ਗਿਆਨ ਆਪਣੇ ਪੁੱਤਾਂ ਨੂੰ ਦੇਣ, ਉਹ ਕੌਣ ਹੁੰਦੇ ਹਨ ਉਨ੍ਹਾਂ ਦੇ ਬੇਟੇ ਬਾਰੇ ਬੋਲਣ ਵਾਲੇ। ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੁਝ ਪੱਤਰਕਾਰਾਂ ਦੇ ਕਾਰਨ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਸਿੱਧੂ ਦੇ ਖ਼ਿਲਾਫ਼ ਗ਼ਲਤ ਦਿਖਾਇਆ ਹੈ।


ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਹਾਲੇ ਤੱਕ ਵੀ ਇਨਸਾਫ ਅਧੂਰਾ ਹੈ। ਉਸ ਦਾ ਪਰਿਵਾਰ ਤੇ ਚਾਹੁਣ ਵਾਲੇ ਉਸ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਗੋਲਡੀ ਬਰਾੜ ਨੇ ਇੱਕ ਆਡੀਓ ਇੰਟਰਵਿਊ ;ਚ ਇਹ ਸ਼ਰੇਆਮ ਕਬੂਲ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਦੀ ਹੱਤਿਆ ਕਰਵਾਈ ਹੈ।