ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ 'ਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਏਜੰਸੀ ਨੇ 36 ਕਿਲੋ ਅਫੀਮ ਦੀ ਤਸਕਰੀ ਦੇ ਪੁਰਾਣੇ ਮਾਮਲੇ 'ਚ 10 ਸਾਲ ਤੋਂ ਫਰਾਰ ਚੱਲ ਰਹੇ ਦੋਸ਼ੀ ਅਤੇ ਮਸ਼ਹੂਰ ਪੰਜਾਬੀ ਗਾਇਕ ਜਗੀਰ ਸਿੰਘ ਉਰਫ਼ ਬਾਜ਼ ਸਰਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹਰਿਆਣਾ ਦੇ ਸਿਰਸਾ ਨਾਲ ਸੰਬੰਧਤ ਜਗੀਰ ਸਿੰਘ, ਜਿਸ ਨੂੰ ‘ਬਾਜ਼’ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, 2016 ਵਿੱਚ ਇੱਕ ਡਰੱਗਜ਼ ਮਾਮਲੇ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਉਸ ਵਕਤ ਉਸ ਦੇ ਖਿਲਾਫ 36 ਕਿਲੋ 150 ਗ੍ਰਾਮ ਅਫੀਮ ਦੀ ਤਸਕਰੀ ਦਾ ਕੇਸ ਦਰਜ ਹੋਇਆ ਸੀ।
ਇੰਝ ਬਚਿਆ ਰਿਹਾ ਪੁਲਿਸ ਤੋਂ
ਭੱਜਣ ਤੋਂ ਬਾਅਦ ਜਗੀਰ ਸਿੰਘ ਨੇ ਆਪਣਾ ਨਾਂਅ ਅਤੇ ਪਛਾਣ ਬਦਲ ਕੇ ਸੋਸ਼ਲ ਮੀਡੀਆ 'ਤੇ ਇੱਕ ਗਾਇਕ ਵਜੋਂ ਨਵੀਂ ਸ਼ੁਰੂਆਤ ਕੀਤੀ। ਉਸਨੇ ਵੱਖ-ਵੱਖ ਨਾਵਾਂ ਨਾਲ ਗਾਣੇ ਬਣਾਕੇ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕੀਤੇ। ਉਸਦੇ ਗਾਣਿਆਂ ਨੂੰ ਲੱਖਾਂ ਲੋਕਾਂ ਨੇ ਵੇਖਿਆ ਤੇ ਸੁਣਿਆ, ਜਿਸ ਨਾਲ ਉਹ ਇੱਕ ਲੋਕਪ੍ਰਿਅ ਕਲਾਕਾਰ ਬਣ ਗਿਆ। ਨਵੀਂ ਪਛਾਣ ਹੋਣ ਕਰਕੇ ਕਿਸੇ ਨੂੰ ਵੀ ਉਸ 'ਤੇ ਸ਼ੱਕ ਨਹੀਂ ਹੋਇਆ।
ਐਨਸੀਬੀ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਅਖਬਾਰਾਂ ਵਿਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਅਤੇ ਉਸ ਦੇ ਸਿਰ 'ਤੇ ₹50,000 ਦਾ ਇਨਾਮ ਵੀ ਰੱਖਿਆ ਗਿਆ ਸੀ। ਆਖ਼ਰਕਾਰ ਬੁੱਧਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਨਸੀਬੀ ਦੇ ਅਧਿਕਾਰੀਆਂ ਮੁਤਾਬਕ ਇਹ ਗ੍ਰਿਫ਼ਤਾਰੀ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਅਹਿਮ ਕਦਮ ਹੈ। ਦਸ ਸਾਲ ਤੋਂ ਵੀ ਵੱਧ ਸਮੇਂ ਤੱਕ ਆਪਣੀ ਅਸਲੀ ਪਛਾਣ ਛੁਪਾ ਕੇ ਸ਼ਰੇਆਮ ਸਰਗਰਮ ਰਿਹਾ ਇਹ ਦੋਸ਼ੀ ਹੁਣ ਕਾਨੂੰਨ ਦੀ ਗ੍ਰਿਫ਼ਤ 'ਚ ਆ ਗਿਆ ਹੈ।
ਵੱਡੇ ਖੁਲਾਸਿਆਂ ਦੀ ਉਮੀਦ
ਇਸ ਤੋਂ ਬਾਅਦ ਪੱਕੀ ਜਾਣਕਾਰੀ ਦੇ ਆਧਾਰ 'ਤੇ ਐਨਸੀਬੀ ਦੀ ਟੀਮ ਨੇ ਉਸਨੂੰ ਸਫਲਤਾਪੂਰਕ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਕਾਮਯਾਬੀ ਹੈ ਅਤੇ ਅੱਗੇ ਦੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਹੁਣ ਐਨਸੀਬੀ ਇਹ ਪਤਾ ਲਗਾਉਣ ਵਿੱਚ ਲੱਗੀ ਹੈ ਕਿ ਆਖ਼ਿਰ ਇਸ ਕਾਰੋਬਾਰ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।