Music composer bunty bains attacker arrested: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਪ੍ਰੋਜੈਕਟ ਨਹੀਂ ਬਲਕਿ ਕਲਾਕਾਰ 'ਤੇ ਹੋਇਆ ਜਾਨਲੇਵਾ ਹਮਲਾ ਹੈ। ਹੁਣ ਇਸ ਮਾਮਲੇ ਨੂੰ ਲੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਬੰਟੀ ਬੈਂਸ ਉੱਪਰ ਹਮਲਾ ਕਰਨ ਵਾਲੇ ਸ਼ੂਟਰ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ..
ਲੱਕੀ ਪਟਿਆਲ ਦੇ ਕਹਿਣ 'ਤੇ ਹੋਇਆ ਹਮਲਾ
ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ 'ਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਇਹ ਐਨਕਾਊਂਟਰ ਹੋਇਆ ਸੀ। ਪੁਲਿਸ ਮੁਤਾਬਕ ਦੋਸ਼ੀ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਅੱਤਵਾਦੀ ਅਰਸ਼ ਡੱਲਾ ਦਾ ਸ਼ੂਟਰ ਵੀ ਦੱਸਿਆ ਜਾ ਰਿਹਾ ਹੈ। ਉਸ ਨੇ ਕੈਨੇਡਾ ਬੈਠੇ ਲੱਕੀ ਪਟਿਆਲ ਦੇ ਕਹਿਣ 'ਤੇ ਬੰਟੀ ਬੈਂਸ 'ਤੇ ਹਮਲਾ ਕੀਤਾ ਸੀ।
ਦਰਅਸਲ, ਬੰਟੀ ਬੈਂਸ 'ਤੇ 26 ਫਰਵਰੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਉਸ 'ਤੇ ਇਹ ਹਮਲਾ ਪੰਜਾਬ ਦੇ ਮੋਹਾਲੀ ਦੇ ਸੈਕਟਰ-79 'ਚ ਹੋਇਆ। ਇਸ ਹਮਲੇ 'ਚ ਬੰਟੀ ਬੈਂਸ ਵਾਲ-ਵਾਲ ਬਚ ਗਏ। ਜਦੋਂ ਇਹ ਹਮਲਾ ਹੋਇਆ ਤਾਂ ਉਹ ਪੰਜਾਬ ਦੇ ਮੋਹਾਲੀ ਵਿੱਚ ਇੱਕ ਰੈਸਟੋਰੈਂਟ ਵਿੱਚ ਬੈਠਾ ਸੀ। ਹਮਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕੀਤੀ। ਇਸ ਸਬੰਧ ਵਿੱਚ ਹਰਿਆਣਾ ਐਸਟੀਐਫ ਨੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ।
1 ਕਰੋੜ ਰੁਪਏ ਦੀ ਕੀਤੀ ਮੰਗ
ਪੁਲਿਸ ਅਨੁਸਾਰ ਬੰਬੀਹਾ ਗੈਂਗ ਨਾਲ ਜੁੜੇ ਇਸ ਸ਼ੂਟਰ ਨੇ ਕੈਨੇਡਾ ਬੈਠੇ ਲੱਕੀ ਪਟਿਆਲ ਦੇ ਕਹਿਣ 'ਤੇ ਬੰਟੀ ਬੈਂਸ 'ਤੇ ਗੋਲੀਆਂ ਚਲਾਈਆਂ ਸਨ। ਬਾਅਦ ਵਿੱਚ ਬੰਟੀ ਬੈਂਸ ਨੂੰ ਕੈਨੇਡਾ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਅਤੇ 1 ਕਰੋੜ ਰੁਪਏ ਦੀ ਮੰਗ ਕੀਤੀ ਗਈ।
ਮੁਕਾਬਲੇ ਵਿੱਚ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ
ਹਰਿਆਣਾ ਪੁਲਿਸ ਅਨੁਸਾਰ ਐਸਟੀਐਫ ਯੂਨਿਟ ਕਰਨਾਲ ਦੀ ਟੀਮ ਨੇ ਹਰਿਆਣਾ ਅਤੇ ਰਾਜਸਥਾਨ ਵਿੱਚ ਕਤਲ ਕੇਸਾਂ ਦੀ ਜਾਂਚ ਕੀਤੀ ਹੈ। ਲੋੜੀਂਦੇ ਅੱਤਵਾਦੀ ਅਰਸ਼ ਡੱਲਾ ਅਤੇ ਬੰਬੀਹਾ ਗੈਂਗ ਦੇ ਸ਼ੂਟਰ ਅਤੇ ਮੋਸਟ ਵਾਂਟੇਡ ਅਪਰਾਧੀ ਫਿਰੋਜ਼ ਖਾਨ ਨੂੰ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਫਿਰੋਜ਼ ਖਾਨ ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਸ ਦੇ ਕਬਜ਼ੇ 'ਚੋਂ ਦੋ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਏ ਹਨ।
ਬੰਟੀ ਬੈਂਸ ਦਾ ਸਿੱਧੂ ਮੂਸੇਵਾਲਾ ਨਾਲ ਖਾਸ ਸਬੰਧ
ਤੁਹਾਨੂੰ ਦੱਸ ਦੇਈਏ ਕਿ ਬੰਟੀ ਬੈਂਸ ਸਿੱਧੂ ਮੂਸੇਵਾਲਾ ਸਮੇਤ ਕਈ ਗਾਇਕਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਲੈ ਗਏ ਹਨ। ਉਸਨੇ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਗੀਤ ਤਿਆਰ ਕੀਤੇ। ਸਾਲ 2022 ਵਿੱਚ ਸਿੱਧੂ ਮੂਸੇਵਾਲਾ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੰਟੀ ਬੈਂਸ ਦੀ ਕੰਪਨੀ ਸਿੱਧੂ ਮੂਸੇਵਾਲੇ ਦਾ ਕੰਮ ਸੰਭਾਲਦੀ ਸੀ।