ਪੰਜਾਬੀ ਸੰਗੀਤ ਇੰਡਸਟਰੀ ਦੇ ਸੁਪਰਸਟਾਰ ਗਾਇਕ ਕਰਨ ਔਜਲਾ ਨੇ ਆਪਣਾ 2025 ਦਾ ਯੂਰਪ ਟੂਰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਨਾਲ ਭਾਵੇਂ ਪ੍ਰਸ਼ੰਸਕ ਨਿਰਾਸ਼ ਹਨ, ਪਰ ਔਜਲਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਦਰਸ਼ਕਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ ਦੇਣ ਲਈ ਹੋਰ ਸਮਾਂ ਲੈਣਾ ਚਾਹੁੰਦੇ ਹਨ।

ਔਜਲਾ ਨੇ ਆਪਣੇ ਬਿਆਨ ਵਿੱਚ ਕਿਹਾ, “ਮੈਨੂੰ ਬਹੁਤ ਅਫਸੋਸ ਹੈ ਕਿ ਮੈਨੂੰ ਇਹ ਸ਼ੋਅ ਰੱਦ ਕਰਨਾ ਪੈ ਰਿਹਾ ਹੈ। ਮੈਂ ਯੂਰਪ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਪਰ ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਅਤੇ ਯਾਦਗਾਰ ਸ਼ੋਅ ਦੇ ਸਕਾਂ। ਇਸ ਲਈ ਮੈਂ ਥੋੜ੍ਹਾ ਹੋਰ ਸਮਾਂ ਲੈ ਰਿਹਾ ਹਾਂ ਤਾਂ ਜੋ ਇਹ ਸ਼ੋਅ ਹੋਰ ਵੀ ਵੱਡਾ ਅਤੇ ਸ਼ਾਨਦਾਰ ਹੋ ਸਕੇ। ਮੈਂ ਜਲਦੀ ਹੀ ਇੱਕ ਨਵੇਂ ਪੱਧਰ ਦੇ ਸ਼ੋਅ ਨਾਲ ਵਾਪਸੀ ਕਰਾਂਗਾ।”

ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਹੋਏਗਾ ਸ਼ੋਅ

ਹਾਲਾਂਕਿ ਯੂਰਪ ਦਾ ਪੂਰਾ ਟੂਰ ਰੱਦ ਕਰ ਦਿੱਤਾ ਗਿਆ ਹੈ, ਪਰ ਆਯੋਜਕਾਂ ਨੇ ਪੁਸ਼ਟੀ ਕੀਤੀ ਹੈ ਕਿ ਮਾਲਟਾ ਫੈਸਟ ਨਿਰਧਾਰਿਤ ਸਮੇਂ ਤੇ ਹੀ ਆਯੋਜਿਤ ਕੀਤਾ ਜਾਵੇਗਾ। ਹੁਣ ਯੂਰਪ ਦੇ ਫੈਨਸ ਨੂੰ ਔਜਲਾ ਦੇ ਨਵੇਂ ਸ਼ੈਡਿਊਲ ਦਾ ਇੰਤਜ਼ਾਰ ਕਰਨਾ ਪਵੇਗਾ। ਗਾਇਕ ਨੇ ਵਾਅਦਾ ਕੀਤਾ ਹੈ ਕਿ ਜਦੋਂ ਵੀ ਉਹ ਵਾਪਸ ਆਉਣਗੇ, ਸ਼ੋਅ ਪਹਿਲਾਂ ਨਾਲੋਂ ਕਈ ਗੁਣਾ ਵੱਡਾ ਅਤੇ ਯਾਦਗਾਰ ਤਜਰਬਾ ਲੈ ਕੇ ਆਏਗਾ।

ਔਜਲਾ ਦੇ MF ਗਬਰੂ ਗੀਤ 'ਤੇ ਵਿਰੋਧ

ਪੰਜਾਬ ਮਹਿਲਾ ਆਯੋਗ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਹਾਲ ਹੀ ਵਿੱਚ ਗਾਇਕ ਕਰਨ ਔਜਲਾ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਗੀਤ MF ਗਬਰੂ ਬਾਰੇ ਜਵਾਬ ਮੰਗਿਆ ਸੀ। ਕਰਨ ਔਜਲਾ ਦੇ ਇਸ ਗੀਤ ਵਿੱਚ ਔਰਤਾਂ ਲਈ ਗਲਤ ਸ਼ਬਦਾਂ ਦੇ ਇਸਤੇਮਾਲ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ।ਮਹਿਲਾ ਕਮਿਸ਼ਨ ਨੇ DGP ਨੂੰ ਹੁਕਮ ਦਿੱਤਾ ਸੀ ਕਿ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਲਈ ਇੱਕ ਅਧਿਕਾਰੀ ਨਿਰਦੇਸ਼ਿਤ ਕੀਤਾ ਜਾਵੇ। ਦੱਸਣਯੋਗ ਹੈ ਕਿ ਕਰਨ ਔਜਲਾ 'ਤੇ ਦਸੰਬਰ 2024 ਵਿੱਚ ਚੰਡੀਗੜ੍ਹ ਵਿੱਚ ਹੋਏ ਆਪਣੇ ਸ਼ੋਅ ਦੌਰਾਨ ਗੀਤਾਂ ਵਿੱਚ ਸ਼ਰਾਬ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ ਸਨ। ਮਾਮਲਾ ਹਾਈ ਕੋਰਟ ਤੱਕ ਪਹੁੰਚਿਆ, ਜਿਸ ਤੋਂ ਬਾਅਦ ਸ਼ੋਅ ਦੌਰਾਨ ਪੁਲਿਸ ਨੇ ਦਖਲ ਦੇ ਕੇ ਉਨ੍ਹਾਂ ਨੂੰ ਅਜਿਹੇ ਗੀਤ ਗਾਉਣ ਤੋਂ ਰੋਕਿਆ ਸੀ।