Rajvir Jawanda Health update: ਹਿਮਾਚਲ ਦੇ ਬੱਦੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਗੰਭੀਰ ਹੈ। ਸ਼ਨੀਵਾਰ ਤੋਂ ਹੀ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਡਵਾਂਸ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਡਾਕਟਰਾਂ ਦੇ ਅਨੁਸਾਰ ਹਾਦਸੇ ਤੋਂ ਬਾਅਦ ਜਦੋਂ ਜਵੰਦਾ ਨੂੰ ਹਸਪਤਾਲ ਲਿਆਉਂਦਾ ਗਿਆ ਸੀ, ਉਸ ਸਮੇਂ ਦੀ ਹਾਲਤ ਅਜੇ ਵੀ ਓਹੀ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਠੀਕ ਹੈ। 24 ਘੰਟਿਆਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਦੂਜੇ ਪਾਸੇ, ਹਾਦਸੇ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦਾ ਹਾਲ ਜਾਣਨ ਲਈ ਸਿਆਸੀ ਪਾਰਟੀਆਂ ਦੇ ਨੇਤਾ, ਗਾਇਕ ਅਤੇ ਫ਼ਿਲਮੀ ਅਦਾਕਾਰ ਹਸਪਤਾਲ ਪਹੁੰਚੇ। ਇਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਰੋਧ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਸਿੰਘ ਬਾਦਲ ਸਮੇਤ ਕਈ ਲੋਕਾਂ ਨੇ ਜਵੰਦਾ ਲਈ ਦੁਆ ਕੀਤੀ।
ਇਸ ਤੋਂ ਇਲਾਵਾ ਸਿੰਗਰ ਕੰਵਰ ਗਰੇਵਾਲ, ਗਿੱਪੀ ਗਰੇਵਾਲ, ਮਨਕੀਰਤ ਔਲਖ, ਜੱਸ ਬਾਜਵਾ, ਕੁਲਵਿੰਦਰ ਬਿੱਲਾ, ਅਦਾਕਾਰ ਕਰਮਜੀਤ ਅਨਮੋਲ, ਸਿੰਗਰ ਆਰ ਨੇਤ, ਸੁਰਜੀਤ ਖਾਨ, ਜੀ ਖਾਨ, ਜੀਤ ਜਗਜੀਤ, ਮਲਵਿੰਦਰ ਸਿੰਘ ਕੰਗ ਅਤੇ ਮਲਕੀਤ ਰੌਨੀ ਵੀ ਹਸਪਤਾਲ ਪਹੁੰਚੇ। ਸਿੰਗਰ-ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਜਵੰਦਾ ਲਈ ਸੋਸ਼ਲ ਮੀਡੀਆ 'ਤੇ ਦੁਆ ਕੀਤੀ। ਇੰਦਰਜੀਤ ਨਿੱਕੂ ਨੇ ਵੀ ਵੀਡੀਓ ਜਾਰੀ ਕਰਕੇ ਜਵੰਦਾ ਦੀ ਸਿਹਤ ਲਈ ਕਾਮਨਾ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਆਪਣੇ 4 ਹੋਰ ਦੋਸਤਾਂ ਦੇ ਨਾਲ ਬਾਈਕ ਰਾਈਡ ’ਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਰਾਹ ਵਿੱਚ ਪਸ਼ੂ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਨਾਲ ਸਿਰ ਲੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ। ਮੋਹਾਲੀ ਲਿਆਂਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਰਡਿਕ ਅਰੈਸਟ ਵੀ ਆਇਆ ਸੀ।
ਦੱਸ ਦਈਏ ਰਾਜਬੀਰ ਜਵੰਦਾ ਇੱਕ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਲੇਖਕ ਹਨ। ਉਹ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵਿਲੱਖਣ ਗਾਇਕੀ ਸ਼ੈਲੀ ਅਤੇ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 1990 ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਦੇ ਪੋਨਾ ਪਿੰਡ ਵਿੱਚ ਇੱਕ ਸਿੱਖ ਜੱਟ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ, ਇਸ ਤੋਂ ਇਲਾਵਾ ਉਨ੍ਹਾਂ ਕਈ ਫ਼ਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ।