Sidhu Moose wala Father Balkaur Singh on Jharkhand Cop: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਧਿਕਾਰੀ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕ ਵੀ ਪੁਲਿਸ ਅਧਿਕਾਰੀ ਨੂੰ ਗਾਲ੍ਹਾਂ ਕੱਢ ਰਹੇ ਸੀ। ਜਿਸ ਤੋਂ ਬਾਅਦ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰਨ ਵਾਲੇ ਪੁਲਿਸ ਅਧਿਕਾਰੀ ਨੇ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਆਪਣੀ ਗਲਤੀ ਲਈ ਮਾਫ਼ੀ ਮੰਗੀ। ਹਾਲਾਂਕਿ ਜਦੋਂ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੋਲ ਪੁੱਜੀ ਤਾਂ ਉਹ ਵੀ ਗੁੱਸੇ ਵਿੱਚ ਭੜਕ ਉੱਠੇ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਉੱਪਰ ਵੀਡੀਓ ਸ਼ੇਅਰ ਕਰ ਇਤਰਾਜ਼ ਜਤਾਇਆ ਹੈ।





 


ਦਰਅਸਲ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਇੱਕ ਪੁਲਿਸ ਅਫਸਰ ਮੇਰੇ ਬੇਟੇ ਨੂੰ ਅੱਤਵਾਦੀ ਕਿਵੇਂ ਕਹਿ ਸਕਦਾ ਹੈ? ਉਹ ਵਿਸ਼ਵ ਪ੍ਰਸਿੱਧ ਕਲਾਕਾਰ ਸੀ। ਜੇਕਰ ਅਫਸਰ ਨੂੰ ਨਹੀਂ ਪਤਾ ਕਿ ਇਹ ਕਿਸਦੀ ਫੋਟੋ ਹੈ ਤਾਂ ਉਹ ਬਦਨਾਮ ਕਿਵੇਂ ਕਰ ਸਕਦਾ ਹੈ @iSidhuMooseWala ਜਿਸ ਨੇ ਅਸਲ ਵਿੱਚ ਵਿਸ਼ਵ ਮੰਚ 'ਤੇ ਭਾਰਤ ਨੂੰ ਬਹੁਤ ਕੁਝ ਦਿੱਤਾ ਹੈ। ਇਸਦੇ ਨਾਲ ਹੀ ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ ਅਤੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਕਹਿ ਪੁਲਿਸ ਕੋਲੋਂ ਲਿਖਤੀ ਮਾਫ਼ੀ ਮੰਗਵਾਉਣੀ ਚਾਹੀਦੀ ਹੈ।


ਜਾਣੋ ਪੂਰਾ ਮਾਮਲਾ ?


ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਇਸ ਵਿੱਚ ਇੱਕ ਪੁਲਿਸ ਅਧਿਕਾਰੀ ਬੁਲੇਟ 'ਤੇ ਜਾ ਰਹੇ ਲੜਕੇ ਅਤੇ ਲੜਕੀ ਨੂੰ ਘੇਰ ਲੈਂਦਾ ਹੈ। ਇਸ ਦੌਰਾਨ ਉਹ ਦੋਵਾਂ ਕੋਲੋਂ ਹੈਲਮੇਟ ਬਾਰੇ ਪੁੱਛਦਾ ਹੈ। ਜਦੋਂ ਹੀ ਉਸਦੀ ਨਜ਼ਰ ਬੁਲੇਟ ਬਾਈਕ 'ਤੇ ਪੈਂਦੀ ਹੈ ਤਾਂ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਗੁੱਸੇ ਵਿੱਚ ਆ ਜਾਂਦਾ ਹੈ। ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਉਹ ਕਹਿੰਦਾ ਹੈ ਤੁਸੀ ਇਸ ਨੂੰ ਆਪਣਾ ਆਇਡਲ ਮੰਨਦੇ ਹੋ, ਇਸ ਅੱਤਵਾਦੀ ਨੂੰ ਆਇਡਲ ਮੰਨਦੇ ਹੋ। ਪੁਲਿਸ ਵਾਲੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣਾ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆ ਰਿਹਾ। ਜਿਸ ਤੋਂ ਬਾਅਦ ਇਸ ਵੀਡੀਓ ਨੇ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ।


ਕਾਬਿਲੇਗੌਰ ਹੈ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।