Sidhu Moosewala Death Anniversary: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਦੁਨੀਆ ਭਰ ਵਿੱਚ ਮਕਬੂਲ ਗਾਇਕ ਦਾ 29 ਮਈ 2022 ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਅੱਜ ਵੱਡੀ ਗਿਣਤੀ ਪ੍ਰਸ਼ੰਸਕ ਮਾਨਸਾ ਜ਼ਿਲ੍ਹੇ ਦੇ ਪਿੱਚ ਮੂਸਾ ਵਿਖੇ ਪਹੁੰਚ ਰਹੇ ਹਨ। ਪਰਿਵਾਰ ਨੇ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੀ ਬਰਸੀ ਸਾਦੇ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅੱਜ ਮਰਹੂਮ ਪੰਜਾਬੀ ਗਾਇਕ ਦੀ ਦੂਜੀ ਬਰਸੀ ਪਿੰਡ ਮੂਸਾ ਵਿੱਚ ਸਾਦੇ ਢੰਗ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਜਾਣਗੇ। ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਮਾਗਮ ਸਿਰਫ਼ ਪਰਿਵਾਰ ਤੱਕ ਹੀ ਸੀਮਤ ਰਹੇਗਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਚੋਣਾਂ ਵਿੱਚ ਰੁਝਿਆ ਹੋਇਆ ਹੈ ਤੇ ਗਰਮੀ ਵੀ ਜ਼ਿਆਦਾ ਹੈ। ਇਸ ਲਈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਮਿਲਣ ਤੱਕ ਇਨਸਾਫ਼ ਲਈ ਲੜਾਈ ਜਾਰੀ ਰਹੇਗੀ।
ਦੱਸ ਦਈਏ ਕਿ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਭਾਰੀ ਇਕੱਠ ਹੋਇਆ ਸੀ ਤੇ ਭੀੜ ਨੂੰ ਸੰਭਾਲਣਾ ਪੁਲਿਸ ਲਈ ਚੁਣੌਤੀ ਬਣ ਗਈ ਸੀ। ਇਸ ਵਾਰ ਵੱਡਾ ਸਮਾਗਮ ਨਹੀਂ ਕਰਵਾਇਆ ਜਾ ਰਿਹਾ ਪਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਪਿੰਡ ਮੂਸਾ ਪਹੁੰਚ ਰਹੇ ਹਨ।