Sidhu Moosewala Brother Name: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਬਲਕੌਰ ਸਿੰਘ ਸਿੱਧੂ ਅਤੇ ਚਰਨ ਕੌਰ ਦੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਪੰਜਾਬ ਭਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਾਲੇ ਹਾਲ ਹੀ ਵਿੱਚ ਬਠਿੰਡਾ ਦੇ ਹਸਪਤਾਲ ਵਿੱਚ ਪੁੱਤਰ ਦੇ ਜਨਮ ‘ਤੇ ਵਧਾਈ ਦੇਣ ਲਈ ਫ਼ਿਲਮ ਇੰਡਸਟਰੀ ਤੋਂ ਇਲਾਵਾ ਗਾਇਕ ਤੇ ਸਿਆਸੀ ਆਗੂ ਵੀ ਵਧਾਈ ਦੇਣ ਪੁੱਜੇ।


ਦਰਅਸਲ, ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅੰਮ੍ਰਿਤਾ ਵਡਿੰਗ, ਕਾਂਗਰਸੀ ਆਗੂ ਅੰਮ੍ਰਿਤ ਗਿੱਲ, ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਫਿਲਮ ਕਲਾਕਾਰ ਹੌਬੀ ਧਾਲੀਵਾਲ ਵੀ ਹਸਪਤਾਲ ਪੁੱਜੇ। ਉਨ੍ਹਾਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਮੂਸੇਵਾਲਾ ਦੇ ਪਰਿਵਾਰ ਨੂੰ ਖਾਸ ਤੌਰ ਤੇ ਵਧਾਈ ਦਿੱਤੀ। 


ਛੋਟੇ ਪੁੱਤਰ ਦਾ ਹੋਇਆ ਨਾਮਕਰਨ 


ਇਸ ਵਿਚਾਲੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਨਾਂਅ ਸਬੰਧੀ ਪਿਤਾ ਬਲਕੌਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਛੋਟੇ ਪੁੱਤਰ ਦਾ ਨਾਂ ਵੀ ਸ਼ੁਭਦੀਪ ਸਿੰਘ ਹੋਵੇਗਾ। ਉਨ੍ਹਾਂ ਦੱਸਿਆ ਕਿ ਉਸ ਦਾ ਲੜਕਾ ਦੋ ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲਾ ਗਿਆ ਸੀ, ਜੋ ਹੁਣ ਵਾਪਸ ਆ ਗਿਆ ਹੈ। ਇਸ ਲਈ ਉਹ ਛੋਟੇ ਬੇਟੇ ਦਾ ਨਾਂ ਸ਼ੁਭਦੀਪ ਸਿੰਘ ਰੱਖ ਰਹੇ ਹਨ।


ਬਲਕੌਰ ਸਿੰਘ ਤੇ ਚਰਨ ਕੌਰ ਕੁਝ ਦਿਨ ਹੋਰ ਹਸਪਤਾਲ ਵਿੱਚ ਰਹਿਣਗੇ 



ਉਨ੍ਹਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਉਨ੍ਹਾਂ ਦਾ ਪੁੱਤਰ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਹਾਲਾਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਛੋਟਾ ਸ਼ੁਭਦੀਪ ਉਨ੍ਹਾਂ ਦੇ ਵੱਡੇ ਬੇਟੇ ਦੀ ਜਗ੍ਹਾ ਲੈ ਸਕੇਗਾ ਜਾਂ ਨਹੀਂ, ਪਰ ਹੁਣ ਜਦੋਂ ਉਨ੍ਹਾਂ ਨੂੰ ਜ਼ਿੰਦਗੀ 'ਚ ਉਮੀਦ ਬੱਝ ਗਈ ਹੈ ਤਾਂ ਉਹ ਬਾਕੀ ਦੀ ਜ਼ਿੰਦਗੀ ਉਨ੍ਹਾਂ ਦੇ ਨਾਲ ਹੀ ਬਿਤਾਉਣਗੇ। ਹਸਪਤਾਲ ਦੀ ਡਾਕਟਰ ਰਜਨੀ ਜਿੰਦਲ ਨੇ ਦੱਸਿਆ ਕਿ ਮਾਂ-ਪੁੱਤ ਠੀਕ ਹਨ। ਇਸ ਤੋਂ ਇਲਾਵਾ ਉਹ ਕੁਝ ਦਿਨ ਹੋਰ ਹਸਪਤਾਲ ਵਿੱਚ ਰਹਿਣਗੇ। 



ਬਲਕੌਰ ਸਿੰਘ ਹੋਏ ਪਰੇਸ਼ਾਨ


ਇਸ ਵਿਚਾਲੇ ਬਲਕੌਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਹੈ ਕਿ ਸਾਡੇ ਘਰ ਜਿਹੜੇ ਪੁੱਤ ਨੇ ਜਨਮ ਲਿਆ ਹੈ, ਉਸਦੇ ਆਈਵੀਐਫ ਤਕਨੀਕ ਰਾਹੀਂ ਹੋਏ ਇਲਾਜ ਦੇ ਦਸਤਾਵੇਜ਼ ਦਿਖਾਉਣ ਲਈ ਕਹਿ ਰਿਹਾ ਹੈ।