ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਦਿੱਗਜ਼ ਕਲਾਕਾਰਾਂ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਸਾਲਾਂ ਤੋਂ ਚਰਚਾ ਰਹੀ ਹੈ। ਜਦੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਈ, ਤਾਂ ਕਈ ਸਵਾਲ ਬੱਬੂ ਮਾਨ ਵੱਲ ਵੀ ਉਛਲੇ ਗਏ। ਇੱਥੋਂ ਤੱਕ ਕਿ ਪੁਲਿਸ ਨੇ ਉਨ੍ਹਾਂ ਨਾਲ ਪੁੱਛਗਿੱਛ ਵੀ ਕੀਤੀ। ਹਾਲਾਂਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਸੀ, ਪਰ ਬੱਬੂ ਮਾਨ ਕਦੇ ਵੀ ਇਸ ਮਸਲੇ 'ਤੇ ਖੁੱਲ੍ਹ ਕੇ ਨਹੀਂ ਬੋਲੇ।

ਤਿੰਨ ਸਾਲ ਬਾਅਦ ਗਾਇਕ ਨੇ ਤੋੜੀ ਚੁੱਪੀ

ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ 3 ਸਾਲ ਹੋਣ ਤੋਂ ਬਾਅਦ ਹੁਣ ਜਾ ਕੇ ਬੱਬੂ ਮਾਨ ਨੇ ਪਹਿਲੀ ਵਾਰ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਹੈ। ਹਾਲਾਂਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਸਿੱਧਾ ਨਾਮ ਨਹੀਂ ਲਿਆ, ਪਰ ਕਿਹਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਕੋਲੋਂ ਸਾਡੇ ਵਰਗੇ ਘੁੰਮਦੇ ਰਹੇ। ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨੇ ਥਾਣਿਆਂ 'ਚ ਘੁੰਮਦਾ ਰਿਹਾ।

 

ਸ਼ੋਅ ਦਾ ਪਹਿਲਾਂ ਹੋਇਆ ਵਿਰੋਧ, ਪਰ ਸ਼ੋਅ ਰਿਹਾ ਹਿੱਟ

ਦੱਸਣਯੋਗ ਹੈ ਕਿ ਇਨ੍ਹਾਂ ਦਿਨੀਂ ਬੱਬੂ ਮਾਨ ਕੈਨੇਡਾ ਟੂਰ 'ਤੇ ਹਨ। ਹਾਲ ਹੀ 'ਚ ਉਨ੍ਹਾਂ ਨੇ ਵੈਂਕੂਵਰ 'ਚ ਸ਼ੋਅ ਕੀਤਾ। ਸ਼ੁਰੂ 'ਚ ਤਾਂ ਇਸ ਸ਼ੋਅ ਦਾ ਵਿਰੋਧ ਹੋਇਆ ਸੀ, ਪਰ ਜਦੋਂ ਇਹ ਸ਼ੋਅ ਹੋਇਆ ਤਾਂ ਇਹ ਬਹੁਤ ਹਿੱਟ ਰਿਹਾ। ਇਸੇ ਸ਼ੋਅ ਦੌਰਾਨ ਬੱਬੂ ਮਾਨ ਨੇ ਇਹ ਗੱਲਾਂ ਕਹੀਆਂ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਟਰਾਇਲ 'ਤੇ ਵੀ ਸਵਾਲ ਉਠਾਏ।

ਜਾਂਚ ਏਜੰਸੀਆਂ ਨੇ ਬੱਬੂ ਮਾਨ ਨੂੰ ਦਿੱਤੀ ਸੀ ਕਲੀਨ ਚਿੱਟ

ਸਿੱਧੂ ਮੂਸੇਵਾਲਾ ਦੀ ਹੱਤਿਆ ਮਗਰੋਂ ਸਾਰੇ ਪੰਜਾਬ 'ਚ ਗੁੱਸੇ ਤੇ ਸੋਗ ਦੀ ਲਹਿਰ ਚੱਲੀ। ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਐਸ.ਆਈ.ਟੀ. ਵੱਲੋਂ ਕੀਤੀ ਗਈ। ਜਾਂਚ ਦੌਰਾਨ ਕਈ ਲੋਕਾਂ ਤੋਂ ਪੁੱਛਗਿੱਛ ਹੋਈ, ਜਿਨ੍ਹਾਂ 'ਚ ਬੱਬੂ ਮਾਨ ਵੀ ਸ਼ਾਮਲ ਸਨ। 7 ਦਸੰਬਰ 2022 ਨੂੰ ਉਨ੍ਹਾਂ ਨੂੰ ਮਾਨਸਾ ਬੁਲਾਇਆ ਗਿਆ ਸੀ। ਪੁਲਿਸ ਨੇ ਉਨ੍ਹਾਂ ਤੋਂ ਮੂਸੇਵਾਲਾ ਨਾਲ ਰਿਸ਼ਤੇ ਅਤੇ ਪੁਰਾਣੇ ਮਨ-ਮੁਟਾਅ ਬਾਰੇ ਪੁੱਛਿਆ। ਪੁੱਛਗਿੱਛ ਤੋਂ ਬਾਅਦ ਐਸ.ਆਈ.ਟੀ. ਨੇ ਕਿਹਾ ਕਿ ਬੱਬੂ ਮਾਨ ਦਾ ਇਸ ਹੱਤਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ 'ਤੇ ਕੋਈ ਸ਼ੱਕ ਨਹੀਂ ਰਹਿ ਗਿਆ।

ਇਸ ਵਜ੍ਹਾ ਕਰਕੇ ਬੱਬੂ ਮਾਨ ਦੀ ਸੁਰੱਖਿਆ ਵਧਾਈ ਗਈ ਸੀ

ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਨੇ ਗਾਇਕ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਨੂੰ ਕਿਸੇ ਧਮਕੀ ਭਰੇ ਫ਼ੋਨ ਦੇ ਰਾਹੀਂ ਟਾਰਗਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇੰਟੈਲੀਜੈਂਸ ਇਨਪੁਟਸ 'ਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕੋਈ ਫੈਨ ਬਣ ਕੇ ਉਨ੍ਹਾਂ ਲਈ ਖ਼ਤਰਾ ਬਣ ਸਕਦਾ ਹੈ। ਇਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੇ ਮੋਹਾਲੀ ਸਥਿਤ ਘਰ ਦੀ ਸੁਰੱਖਿਆ ਵਧਾ ਦਿੱਤੀ ਸੀ ਅਤੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ।