Bhupinder Gill house was also flooded: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਕਾਰਨ ਜਲ-ਥਲ ਦੀ ਸਥਿਤੀ ਬਣੀ ਹੋਈ ਹੈ। ਅਜਿਹੇ 'ਚ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ 'ਚ ਡੁੱਬੇ ਨਜ਼ਰ ਆਏ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਨੇ ਚਿੰਤਾ ਜਤਾਉਂਦੇ ਹੋਏ ਪੋਸਟ ਸਾਂਝੀ ਕੀਤੀ ਹੈ।
ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਦਾ ਘਰ ਵੀ ਜਲ-ਥਲ ਹੋਇਆ ਨਜ਼ਰ ਆਇਆ। ਹਾਲਾਂਕਿ ਮੀਂਹ ਰੁਕਣ ਤੋਂ ਬਾਅਦ ਵੀ ਕਲਾਕਾਰ ਦੇ ਘਰ ਸਣੇ ਆਸ-ਪਾਸ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਹਨ ਜਿਸ ਕਾਰਨ ਘਰ ਚੋਂ ਪਾਣੀ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਹੀਂ ਹੈ।
ਇਸ ਦੌਰਾਨ ਗਾਇਕ ਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜਿੰਨਾ ਨੇ ਮੇਰੇ ਘਰ ਰੋਪੜ ਵਿੱਚ ਹੜ੍ਹ ਵਾਲਾ ਪਾਣੀ ਆਉਣ ਤੇ ਕਮੈਂਟ ਰਾਹੀਂ ਹਮਦਰਦੀ ਕੀਤੀ, ਫ਼ੋਨ ਕੀਤੇ, ਮੈਨੂੰ ਸਭ ਮਿਲਿਆਂ ਵਾਂਗ ਹੋ ਗਏ... ਬਾਕੀ ਹੋਰਾਂ ਨੂੰ ਵੀ ਹੌਸਲਾ ਦੇਵੋ...
ਕਾਬਲੇਗੌਰ ਹੈ ਕਿ ਗਾਇਕ ਭੁਪਿੰਦਰ ਗਿੱਲ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਗੁਰਜੀਤ ਸਿੱਧੂ ਗਿੱਲ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਆਪਣੇ ਘਰ ਦਾ ਹਾਲ ਦਿਖਾਇਆ। ਹਾਲਾਂਕਿ ਇਸ ਵੀਡੀਓ ਤੋਂ ਬਾਅਦ ਕਲਾਕਾਰ ਨੂੰ ਪ੍ਰਸ਼ੰਸਕਾਂ ਵੱਲੋਂ ਫੋਨ ਆਏ ਜਿਸ ਉੱਪਰ ਗਾਇਕ ਵੱਲੋਂ ਧੰਨਵਾਦ ਵੀ ਕੀਤਾ ਗਿਆ।
ਹਾਲਾਂਕਿ ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਕਈ ਥਾਵਾਂ ਤੇ ਪਹੁੰਚ ਸਥਿਤੀ ਦਾ ਜ਼ਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਬਾਕੀ ਕੁਦਰਤੀ ਆਫ਼ਤਾਂ ਵਾਂਗੂੰ ਇਸ ਵਾਰ ਵੀ ਸਭ ਮਿਲ ਕੇ ਇਸ ਆਫ਼ਤ ਤੋਂ ਨਿਜਾਤ ਪਾਵਾਂਗੇ... ਕਿਉਂਕਿ ਅਸੀਂ ਲੋਕਾਂ ਦੇ ਸੁੱਖ-ਦੁੱਖ 'ਚ ਹਿੱਸਾ ਪਾਉਣ ਆਏ ਹਾਂ...
ਕਾਬਲੇਗ਼ੌਰ ਹੈ ਕਿ ਪੰਜਾਬ ਇੰਨੀਂ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਰਕੇ ਪਾਣੀ-ਪਾਣੀ ਹੋਇਆ ਪਿਆ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ। ਜਦੋਂਕਿ ਮੀਂਹ ਰੁਕਣ ਤੋਂ ਬਾਅਦ ਵੀ ਕਈ ਇਲਾਕੇ ਪਾਣੀ ਨਾਲ ਭਰੇ ਹੋਏ ਹਨ।