Sidhu Moose wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਾਦੂ ਪਾਕਿਸਤਾਨੀਆਂ ਦੇ ਵੀ ਸਿਰ ਚੜ੍ਹ ਬੋਲ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਪਾਕਿਸਤਾਨੀਆਂ ਨੇ ਸ਼ਰਧਾਂਜਲੀ ਸਮਾਗਮ ਕਰਵਾਏ। ਇਸ ਦੌਰਾਨ ਹੀ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਆਪਣੀ ਰਿਹਾਇਸ਼ ’ਤੇ ਰੱਖੇ ਸਮਾਗਮ ਦੌਰਾਨ ਹਵਾਈ ਫਾਇਰ ਕਰਨ ਦਾ ਸੱਦਾ ਦੇ ਦਿੱਤਾ। 


ਇਹ ਗੱਲ਼ ਸੋਸ਼ਲ ਮੀਡੀਆਂ ਉੱਪਰ ਵਾਇਰਲ ਹੋਈ ਤਾਂ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ। ਪੁਲਿਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 15 ਸਾਲਾ ਪ੍ਰਸ਼ੰਸਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਇਸ ਨੌਜਵਾਨ ਨੇ ਪੰਜਾਬੀ ਗਾਇਕ ਦੀ ਪਹਿਲੀ ਬਰਸੀ ਮੌਕੇ ਆਪਣੀ ਰਿਹਾਇਸ਼ ’ਤੇ ਰੱਖੇ ਸਮਾਗਮ ਦੌਰਾਨ ਹਵਾਈ ਫਾਇਰ ਕਰਨ ਦਾ ਸੱਦਾ ਦਿੱਤਾ ਸੀ। 


ਪੁਲਿਸ ਮੁਤਾਬਕ ਇਹ ਸੱਦਾ ਸੋਸ਼ਲ ਮੀਡੀਆ ਰਾਹੀਂ ਦਿੱਤਾ ਗਿਆ ਸੀ। ਹਾਲਾਂਕਿ ਪੁਲਿਸ ਨੇ ਲਿਖਤੀ ਮੁਆਫ਼ੀ ਮੰਗਣ ਤੇ ਪਿਤਾ ਵੱਲੋਂ ਦਿੱਤੇ ਭਰੋਸੇ ਮਗਰੋਂ ਗੱਭਰੂ ਨੂੰ ਰਿਹਾਅ ਕਰ ਦਿੱਤਾ। ਪੁਲਿਸ ਮੁਤਾਬਕ ਸ਼ਰਜੀਲ ਮਲਿਕ ਨੇ ਆਪਣੀ ਫੇਸਬੁੱਕ ਵਾਲ ’ਤੇ ਮੂਸੇਵਾਲਾ ਦਾ ਪੋਸਟਰ ਅਪਲੋਡ ਕਰਕੇ ਲੋਕਾਂ ਨੂੰ ਲਾਹੌਰ ਤੋਂ 130 ਕਿਲੋਮੀਟਰ ਦੂਰ ਓਕਾਰਾ ਸਥਿਤ ਆਪਣੀ ਰਿਹਾਇਸ਼ ’ਚ ਗਾਇਕ ਦੀ ਬਰਸੀ ਮੌਕੇ ਰੱਖੇ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। 

ਸੱਦੇ ਵਾਲੇ ਪੋਸਟਰ ’ਚ ਲਿਖਿਆ ਸੀ, ‘‘...ਮਰਹੂਮ ਪੰਜਾਬੀ ਗਾਇਕ ਨੂੰ ਯਾਦ ਕਰਨ ਲਈ ਹਵਾਈ ਫਾਇਰ ਕੀਤੇ ਜਾਣਗੇ, ਜਿਵੇਂਕਿ ਉਸ (ਮੂਸੇਵਾਲਾ) ਵੱਲੋਂ ਕੀਤੇ ਜਾਂਦੇ ਸਨ।’’ ਮੂਸੇਵਾਲਾ ਵੱਲੋਂ ਆਪਣੇ ਗੀਤਾਂ ਤੇ ਸੰਗੀਤਕ ਵੀਡੀਓਜ਼ ਵਿੱਚ ਅਕਸਰ ਹਥਿਆਰਾਂ ਨੂੰ ਸਲਾਹਿਆ ਜਾਂਦਾ ਸੀ। ਪੁਲੀਸ ਅਧਿਕਾਰੀ ਅਸਲਮ ਸ਼ਾਹਿਦ ਨੇ ਕਿਹਾ ਕਿ ਮਲਿਕ ਦੇ ਗੁਆਂਢੀ ਨੇ ਸਥਾਨਕ ਪੁਲਿਸ ਨੂੰ ਉਸ ਦੀ ਇਸ ਵਿਉਂਤਬੰਦੀ ਬਾਰੇ ਦੱਸ ਦਿੱਤਾ। 


ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਆਪਣੀ ਅਰਜ਼ੀ ਨਾਲ ਮਲਿਕ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵੀ ਨੱਥੀ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ’ਤੇ ਮਲਿਕ ਨੂੰ ਤਜਵੀਜ਼ਤ ਸਮਾਗਮ ਤੋਂ ਇਕ ਦਿਨ ਪਹਿਲਾਂ (ਐਤਵਾਰ ਨੂੰ) ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ।