Happy Birthday Prabh Gill: ਪੰਜਾਬੀ ਸਿੰਗਰ ਪ੍ਰਭ ਗਿੱਲ ਅੱਜ ਯਾਨਿ 23 ਦਸੰਬਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ‘ਚ ਹੋਇਆ ਸੀ। ਪ੍ਰਭ ਗਿੱਲ ਉਨ੍ਹਾਂ ਬਹੁਤ ਘੱਟ ਗਾਇਕਾਂ ਵਿੱਚੋਂ ਇੱਕ ਹਨ, ਜੋ ਆਪਣੇ ਪਹਿਲੇ ਹੀ ਗਾਣੇ ਨਾਲ ਸਟਾਰ ਬਣ ਗਏ ਸੀ। ਉਨ੍ਹਾਂ ਦਾ ਪਹਿਲਾ ਗੀਤ ਸੀ ‘ਤੇਰੇ ਬਿਨਾ’, ਜੋ ਕਿ 2009 ‘ਚ ਰਿਲੀਜ਼ ਹੋਇਆ ਸੀ।
ਬਚਪਨ ਤੋਂ ਸੀ ਗਾਇਕੀ ਦਾ ਸ਼ੌਕ
ਪ੍ਰਭ ਗਿੱਲ ਦੇ ਘਰ ‘ਚ ਸ਼ੁਰੂ ਤੋਂ ਹੀ ਸੰਗੀਤਕ ਮਾਹੌਲ ਸੀ। ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਨੂੰ ਮਿਊਜ਼ਿਕ ਨਾਲ ਕਾਫੀ ਪਿਆਰ ਸੀ। ਉਹ ਜਦੋਂ ਵੀ ਘਰ ਹੁੰਦੇ ਸੀ ਤਾਂ ਪੂਰਾ ਦਿਨ ਗਾਣਾ ਸੁਣਦੇ ਰਹਿਣਾ। ਪ੍ਰਭ ਗਿੱਲ ਦੇ ਦਿਲ ‘ਚ ਇੱਥੋਂ ਹੀ ਗਾਇਕੀ ਲਈ ਸ਼ੌਕ ਜਾਗਿਆ ਸੀ। ਉਨ੍ਹਾਂ ਦੇ ਪਿਤਾ ਨੇ ਪ੍ਰਭ ਦੇ ਇਸ ਸ਼ੌਕ ਨੂੰ ਸਪੋਰਟ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸਿਰਫ 12 ਸਾਲ ਦੀ ਉਮਰ ‘ਚ ਹੀ ਗਾਇਕੀ ਸਿੱਖਣੀ ਸ਼ੁਰੂ ਕੀਤੀ।
ਇਹ ਗਾਇਕਾਂ ਤੋਂ ਲਈ ਪ੍ਰੇਰਨਾ
ਪ੍ਰਭ ਗਿੱਲ ਬਚਪਨ ਤੋਂ ਹੀ ਨੁਸਰਤ ਫਤਿਹ ਅਲੀ ਖਾਨ, ਗੁਰਦਾਸ ਮਾਨ, ਕੁਲਦੀਪ ਮਾਣਕ ਵਰਗੇ ਗਾਇਕਾਂ ਨੂੰ ਸੁਣ ਕੇ ਵੱਡੇ ਹੋਏ। ਪ੍ਰਭ ਗਿੱਲ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦੇ ਦਿਲ ‘ਚ ਇਨ੍ਹਾਂ ਦਿੱਗਜ ਗਾਇਕਾਂ ਨੂੰ ਸੁਣ ਕੇ ਹੀ ਗਾਇਕੀ ਦਾ ਸ਼ੌਕ ਜਾਗਿਆ।
ਦਿਲਜੀਤ ਦੋਸਾਂਝ ਕੋਲ ਕਰਦੇ ਸੀ ਨੌਕਰੀ
ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਪ੍ਰਭ ਗਿੱਲ ਨੇ ਗਾਇਕੀ ਦਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲਜੀਤ ਦੋਸਾਂਝ ਕੋਲ ਨੌਕਰੀ ਕੀਤੀ ਸੀ। ਉਹ ਦਿਲਜੀਤ ਦੇ ਗੀਤਾਂ ‘ਚ ਕੋਰਸ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਦਿਲਜੀਤ ਨਾਲ ਉਨ੍ਹਾਂ ਨੇ 6 ਸਾਲ ਕੰਮ ਕੀਤਾ। ਦਿਲਜੀਤ ਪ੍ਰਭ ਗਿੱਲ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਸੀ। ਉਹ ਪ੍ਰਭ ਨੂੰ ਆਪਣੇ ਹਰ ਸਟੇਜ ਸ਼ੋਅ ‘ਤੇ ਨਾਲ ਰੱਖਦੇ ਸੀ।
ਪਹਿਲੇ ਹੀ ਗੀਤ ਨੇ ਬਣਾਇਆ ਸਟਾਰ
ਪ੍ਰਭ ਗਿੱਲ ਨੇ ਆਪਣੇ ਗਾਇਕੀ ਦੇ ਕਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਈ ਗਾਇਕਾਂ ਕੋਲ ਨੌਕਰੀ ਮਿਲਦੀ ਸੀ। ਪ੍ਰਭ ਗਿੱਲ ਨੂੰ ਗਾਇਕੀ ਦਾ ਜਨੂੰਨ ਸੀ। ਉਹ ਖੁਦ ਦੀ ਇਕ ਐਲਬਮ ਕੱਢਣਾ ਚਾਹੁੰਦੇ ਸੀ। ਪਰ ਨੌਕਰੀ ਤੋਂ ਮਿਲਣ ਵਾਲੀ ਸਾਰੀ ਤਨਖਾਹ ਪਰਿਵਾਰ ਦੇ ਖਰਚਿਆਂ ‘ਚ ਪੂਰੀ ਹੋ ਜਾਂਦੀ ਸੀ। ਕਿਉਂਕਿ ਪ੍ਰਭ ਗਿੱਲ ਇੱਕ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਸੀ। ਇਸ ਕਰਕੇ ਗਾਇਕ ਬਣਨ ਦਾ ਸੁਪਨਾ ਕਰਨਾ ਇੰਨਾਂ ਅਸਾਨ ਨਹੀਂ ਸੀ। ਆਖਰ ਉਹ ਦਿਨ ਆਇਆ ਜਦੋਂ ਪ੍ਰਭ ਗਿੱਲ ਨੇ ਆਪਣਾ ਪਹਿਲਾ ਗਾਣਾ ਗਾਇਆ। ਇਸ ਗਾਣੇ ਨੂੰ ਕੋਈ ਮਿਊਜ਼ਿਕ ਕੰਪਨੀ ਰਿਲੀਜ਼ ਕਰਨ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਪ੍ਰਭ ਗਿੱਲ ਨੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ। ਪ੍ਰਭ ਗਿੱਲ ਦੀ ਮੇਹਨਤ ਰੰਗ ਲਿਆਈ। ਉਨ੍ਹਾਂ ਦਾ ਪਹਿਲਾ ਗੀਤ ਖੁਬ ਹਿੱਟ ਹੋਇਆ। ਇਸ ਗੀਤ ਨੇ ਉਨ੍ਹਾਂ ਨੂੰ ਪਛਾਣ ਦਿਵਾਈ।
2012 ‘ਚ ਕੱਢੀ ਪਹਿਲੀ ਐਲਬਮ
ਪ੍ਰਭ ਗਿੱਲ ਨੇ 2012 ‘ਚ ਪਹਿਲੀ ਐਲਬਮ ਕੱਢੀ ਸੀ। ਇਹ ਐਲਬਮ ਸੀ ‘ਐਂਡਲੈਸ’। ਪਹਿਲੀ ਹੀ ਐਲਬਮ ਤੋਂ ਪ੍ਰਭ ਗਿੱਲ ਸਟਾਰ ਬਣ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਮੇਰੇ ਕੋਲ’ ਤੇ ‘ਬੱਚਾ’ ਵਰਗੇ ਗਾਣਿਆਂ ਨੇ ਪ੍ਰਭ ਗਿੱਲ ਦੀ ਫੈਨ ਫਾਲੋਇੰਗ ‘ਚ ਹੋਰ ਵਾਧਾ ਕੀਤਾ।
ਸਾਦਗੀ ਪਸੰਦ ਇਨਸਾਨ ਹੈ ਪ੍ਰਭ ਗਿੱਲ
ਪ੍ਰਭ ਗਿੱਲ ਅਕਸਰ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਵੀ ਜ਼ਿਆਦਾ ਐਕਟਿਵ ਨਹੀਂ ਰਹਿੰਦੇ। ਉਹ ਬੇਹੱਦ ਸਾਦਗੀ ਪਸੰਦ ਇਨਸਾਨ ਹਨ। ਪ੍ਰਭ ਗਿੱਲ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਡਾਊਨ ਟੂ ਅਰਥ ਹਨ।