Surinder Shinda: ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਬੁੱਧਵਾਰ ਸਵੇਰ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਆਖਰੀ ਸਾਹ ਲਏ ਸੀ। ਪੂਰਾ ਪੰਜਾਬੀ ਛਿੰਦਾ ਦੇ ਦੇਹਾਂਤ ਤੋਂ ਬਾਅਦ ਗਮਗੀਨ ਹੈ।
ਹੁਣ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਛਿੰਦਾ ਦਾ ਅੰਤਿਮ ਸਸਕਾਰ 29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਮੀਡੀਆ ਨਾਲ ਉਨ੍ਹਾਂ ਦੇ ਛੋਟੇ ਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕਤਿੀ। ਇਸ ਦੀ ਵਜ੍ਹਾ ਇਹ ਹੈ ਕਿ ਛਿੰਦਾ ਦਾ ਦੂਜਾ ਪੁੱਤਰ ਸਿਮਰਨ ਛਿੰਦਾ ਕੈਨੇਡਾ ਤੋਂ ਅੱਜ ਯਾਨਿ ਵੀਰਵਾਰ ਨੂੰ ਦੁਪਹਿਰ ਬਾਅਦ ਭਾਰਤ ਆਇਆ ਹੈ। ਜਦਕਿ ਉਨ੍ਹਾਂ ਦੀ ਬੇਟੀ ਸ਼ੁੱਕਰਵਾਰ ਦੀ ਸ਼ਾਮ ਨੂੰ ਕੈਨੇਡਾ ਤੋਂ ਲੁਧਿਆਣਾ ਪਰਤੇਗੀ। ਇਸ ਸਭ ਨੂੰ ਧਿਆਨ 'ਚ ਰੱਖਦਿਆਂ ਹੀ ਅੰਤਿਮ ਸਸਕਾਰ 29 ਜੁਲਾਈ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਸੁਰਿੰਦਰ ਛਿੰਦਾ ਪੰਜਾਬੀ ਇੰਡਸਟਰੀ ਦੇ ਲੈਜੇਂਡਰੀ ਗਾਇਕ ਸਨ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ। ਉਨ੍ਹਾਂ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦਾ ਸੰਗੀਤਕ ਸਫਰ ਬੜਾ ਹੀ ਕਮਾਲ ਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
ਸ਼ਿੰਦਾ ਦਾ ਪਹਿਲਾ ਗਾਣਾ 'ਉੱਚਾ ਬੁਰਜ ਲਾਹੌਰ ਦਾ'ਸੀ। ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਅਥਾਹ ਪਿਆਰ ਮਿਿਲਿਆ ਸੀ। ਇਸ ਤਰ੍ਹਾਂ ਸ਼ਿੰਦਾ ਆਪਣੇ ਪਹਿਲੇ ਹੀ ਗੀਤ ਤੋਂ ਸਟਾਰ ਬਣ ਗਏ ਸੀ। ਇਸ ਤੋਂ ਬਾਅਦ 1979 'ਚ ਉਨ੍ਹਾਂ ਦੀ ਪਹਿਲੀ ਐਲਬਮ ਰਿਲੀਜ਼ ਹੋਈ, ਜੋ ਕਿ ਬਹੁਤ ਹੀ ਜ਼ਿਆਦਾ ਹਿੱਟ ਰਹੀ ਸੀ। ਹੁਣ ਤੱਕ ਸ਼ਿੰਦਾ ਦੀਆਂ 46 ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਪਰਹਿੱਟ ਰਹੀਆਂ ਹਨ। ਉਨ੍ਹਾਂ ਦੀਆਂ ਸੁਪਰਹਿੱਟ ਐਲਬਮਾਂ 'ਚ 'ਜੱਟ ਜਿਉਣਾ ਮੌੜ', 'ਪੁੱਤ ਜੱਟਾਂ ਦੇ', 'ਬਲਵੀਰੋ ਭਾਬੀ' ਤੇ 'ਬਦਲਾ ਲੈ ਲਈ ਸੋਹਣਿਆ' ਵਰਗੀਆਂ ਐਲਬਮਾਂ ਸ਼ਾਮਲ ਹਨ।