Punjabi Industry Supports Arshdeep Singh: ਭਾਰਤ ਬਨਾਮ ਪਾਕਿਸਤਾਨ (IND vs PAK) ਵਿਚਕਾਰ ਹਾਈ ਵੋਲਟੇਜ ਮੈਚ ਹਮੇਸ਼ਾ ਹੀ ਦੇਖੇ ਗਏ ਹਨ। ਏਸ਼ੀਆ ਕੱਪ 2022 ਵਿੱਚ ਵੀ ਇਹੀ ਸਿਲਸਿਲਾ ਜਾਰੀ ਹੈ। ਜਿਸ 'ਚ ਪਹਿਲਾ ਮੈਚ ਟੀਮ ਇੰਡੀਆ ਦੀ ਜਿੱਤ ਹੋਈ ਸੀ, ਜਦਕਿ ਐਤਵਾਰ ਨੂੰ ਸੁਪਰ 4 ਦੇ ਦੂਜੇ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿ ਖਿਡਾਰੀ ਆਸਿਫ ਅਲੀ ਦਾ ਆਸਾਨ ਕੈਚ ਛੱਡਿਆ।
ਇਹ ਕੈਚ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ, ਜਿਸ ਕਾਰਨ ਭਾਰਤ ਹਾਰ ਗਿਆ। ਅਜਿਹੇ 'ਚ ਹੁਣ ਅਰਸ਼ਦੀਪ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਇੰਡਟਸਰੀ ਅਰਸ਼ਦੀਪ ਸਿੰਘ ਦੇ ਸਮਰਥਨ `ਚ ਉੱਤਰ ਆਈ ਹੈ। ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ `ਤੇ ਪੋਸਟਾਂ ਪਾ ਕੇ ਅਰਸ਼ਦੀਪ ਦਾ ਸਮਰਥਨ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕਰ ਅਰਸ਼ਦੀਪ ਦਾ ਹੌਸਲਾ ਵਧਾਇਆ। ਦੋਸਾਂਝ ਨੇ ਆਪਣੀ ਪੋਸਟ `ਚ ਅਰਸ਼ਦੀਪ ਸਿੰਘ ਦੀ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, "ਚੜ੍ਹਦੀ ਕਲਾ।"
ਜਸਬੀਰ ਜੱਸੀ ਨੇ ਟਵਿੱਟਰ ਤੇ ਪੋਸਟ ਪਾ ਕੇ ਅਰਸ਼ਦੀਪ ਸਿੰਘ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਲਿਖਿਆ, "ਅਰਸ਼ਦੀਪ ਵੀਰੇ ਪਾਗਲ ਤੇ ਸਿਰਫਿਰੇ ਲੋਕਾਂ ਦੀ ਪਰਵਾਹ ਨਹੀਂ ਕਰਨੀ।"
ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੇ ਅਰਸ਼ਦੀਪ ਦੀ ਫ਼ੋਟੋ ਸ਼ੇਅਰ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਵੀ ਲਵ ਯੂ ਅਰਸ਼ਦੀਪ ਸਿੰਘ।"
ਜੈਜ਼ੀ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਅਰਸ਼ਦੀਪ ਸਿੰਘ ਦੀ ਤਸਵੀਰ ਸ਼ੇਅਰ ਕੀਤੀ। ਕੈਪਸ਼ਨ `ਚ ਉਨ੍ਹਾਂ ਲਿਖਿਆ, "ਸਟੇਅ ਸਟਰੌਂਗ ਮਿਸਟਰ ਸਿੰਘ, ਬਿਕਾਜ਼ ਯੂ ਆਰ ਬੋਰਨ ਕਿੰਗ।"
ਇਸ ਤੋਂ ਪਹਿਲਾਂ ਰਣਜੀਤ ਬਾਵਾ ਨੇ ਟਵਿੱਟਰ ਤੇ ਅਰਸ਼ਦੀਪ ਸਿੰਘ ਲਈ ਪੋਸਟ ਲਿਖ ਉਨ੍ਹਾਂ ਦਾ ਹੌਸਲਾ ਵਧਾਇਆ ਸੀ। ਉਨ੍ਹਾਂ ਨੇ ਸਿੰਘ ਨੂੰ ਟਰੋਲ ਕਰਨ ਵਾਲਿਆਂ ਨੂੰ ਕਿਹਾ, "ਉਸ ਨੂੰ ਬੁਰਾ ਬੋਲਣਾ ਬੰਦ ਕਰੋ। ਉਸ ਨੇ ਬਹੁਤ ਵਧੀਆ ਖੇਡਿਆ। ਹਾਰ ਜਿੱਤ ਤਾਂ ਚੱਲਦੀ ਰਹਿੰਦੀ ਆ। ਸਟੇਅ ਸਟਰੌਂਗ ਸਰਦਾਰ ਸਾਬ। ਪੰਜਾਬ ਤੋਂ ਬਹੁਤ ਸਾਰਾ ਪਿਆਰ ਤੇ ਪੌਜ਼ਟਿਵਿਟੀ।"
ਕਾਬਿਲੇਗ਼ੌਰ ਹੈ ਕਿ ਐਤਵਾਰ ਨੂੰ ਭਾਰਤ ਪਾਕਿਸਤਾਨ ਵਿਚਾਲੇ ਦੂਜਾ ਮੈਚ ਸੀ। ਭਾਰਤ ਨੇ ਬੱਲੇਬਾਜ਼ੀ `ਚ ਕਮਾਲ ਦਿਖਾਇਆ। ਭਾਰਤ ਨੇ ਪਾਕਿ ਨੂੰ 181 ਦੌੜਾਂ ਦਾ ਟੀਚਾ ਦਿਤਾ ਸੀ, ਜਿਸ ਨੂੰ 5 ਵਿਕਟਾਂ ਦੇ ਨੁਕਸਾਨ ਤੇ ਪਾਕਿ ਨੇ ਪੂਰਾ ਕੀਤਾ ਸੀ। ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਇੱਕ ਕੈਚ ਛੱਡਿਆ, ਜਿਸ ਤੋਂ ਕ੍ਰਿਕੇਟ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।