ਚੰਡੀਗੜ੍ਹ : ਚੰਡੀਗੜ੍ਹ ਪੀਜੀਆਈ ਵਿੱਚ ਸਰਜਰੀ ਤੋਂ ਬਾਅਦ ਇੱਕੋ ਸਮੇਂ 6 ਮਰੀਜ਼ਾਂ ਦੀ ਹਾਲਤ ਵਿਗੜ ਗਈ ਹੈ। ਜਿਸ ਤੋਂ ਤੁਰੰਤ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਰੀਜ਼ਾਂ ਨੂੰ ਪੀਜੀਆਈ ਦੀ ਐਮਰਜੈਂਸੀ ਦਵਾਈਆਂ ਦੀ ਦੁਕਾਨ ਤੋਂ ਖਰੀਦੀ ਗਈ ਪ੍ਰੋਪੋਫੋਲ (ਐਨੇਸਥੀਸੀਆ ਦਾ ਟੀਕਾ) ਨਾਂ ਦੀ ਦਵਾਈ ਦਿੱਤੀ ਗਈ ਸੀ। ਇਸ ਤੋਂ ਬਾਅਦ ਪੀਜੀਆਈ ਪ੍ਰਸ਼ਾਸਨ ਨੇ ਨਿਊਰੋਸਰਜਰੀ ਵਿਭਾਗ ਦੇ ਮੁਖੀ ਪ੍ਰੋ. ਐਸਕੇ ਗੁਪਤਾ ਨੂੰ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਐਮਰਜੈਂਸੀ ਦਵਾਈਆਂ ਦੀ ਦੁਕਾਨ ਤੋਂ ਦਵਾਈ ਦੇ ਸੈਂਪਲ ਲੈ ਕੇ ਜਾਂਚ ਲਈ ਕੋਲਕਾਤਾ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸਬੰਧਤ ਬੈਚ ਦੀਆਂ ਦਵਾਈਆਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਹਤ ਸਕੱਤਰ ਯਸ਼ਪਾਲ ਗਰਗ ਦੀਆਂ ਹਦਾਇਤਾਂ 'ਤੇ ਪੀਜੀਆਈ ਦੀ ਐਮਰਜੈਂਸੀ ਦਵਾਈਆਂ ਦੀ ਦੁਕਾਨ 'ਤੇ ਪਿਆ ਪ੍ਰੋਪੋਫੋਲ ਦਾ ਸਟਾਕ ਜ਼ਬਤ ਕਰ ਲਿਆ ਗਿਆ ਹੈ ਤਾਂ ਜੋ ਕਿਸੇ ਹੋਰ ਮਰੀਜ਼ ਦੀ ਜਾਨ ਨੂੰ ਖ਼ਤਰਾ ਨਾ ਹੋਵੇ।
ਦੂਜੇ ਪਾਸੇ ਮੈਡੀਕਲ ਦੁਕਾਨ ਸੰਚਾਲਕ ਦਾ ਕਹਿਣਾ ਹੈ ਕਿ ਉਸ ਨੇ ਕੋਈ ਗਲਤ ਦਵਾਈ ਨਹੀਂ ਵੇਚੀ। ਡਾਕਟਰ ਨੇ ਜੋ ਦਵਾਈ ਲਿਖੀ ਸੀ, ਉਹ ਦਿੱਤੀ ਗਈ। ਹੁਣ ਜੇਕਰ ਦਵਾਈ 'ਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਇਸ ਦੇ ਲਈ ਫਾਰਮਾਸਿਊਟੀਕਲ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ। ਫਿਲਹਾਲ ਪ੍ਰਸ਼ਾਸਨ ਦਵਾਈਆਂ ਦੇ ਸੈਂਪਲਾਂ ਦੀ ਟੈਸਟ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਫਿਲਹਾਲ ਸਾਰੇ ਮਰੀਜ਼ਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸ਼ਿਕਾਇਤ ਮਿਲਣ 'ਤੇ ਡਰੱਗ ਇੰਸਪੈਕਟਰ ਨੇ ਟੀਮ ਸਮੇਤ ਪੀਜੀਆਈ ਜਾ ਕੇ ਪ੍ਰੋਪੋਫੋਲ ਦਵਾਈ ਦੇ ਬੈਚ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਦਵਾਈ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਦਵਾਈਆਂ ਦੇ ਇਸ ਬੈਚ ਦੀ ਵਿਕਰੀ ਅਤੇ ਖਰੀਦ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਸ਼ਹਿਰ ਦੇ ਸਮੂਹ ਡਿਸਟ੍ਰੀਬਿਊਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਜ਼ਬਤ ਕੀਤੀ ਗਈ ਡਰੱਗ ਮਾਰਚ 2022 ਬੈਚ ਦੀ ਹੈ।