ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Industry Supports Inderjit Nikku: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਮਾੜੇ ਦੌਰ `ਚੋਂ ਗੁਜ਼ਰ ਰਹੇ ਹਨ। ਇਸ ਦੌਰਾਨ ਉਹ ਕਿਸੇ ਬਾਬੇ ਦੇ ਦਰਬਾਰ `ਚ ਆਪਣੀਆਂ ਸਮੱਸਿਆਵਾਂ ਲੈ ਕੇ ਪੁੱਜੇ ਤਾਂ ਉਨ੍ਹਾਂ ਦੀ ਵੀਡੀਓ ਖੂਬ ਵਾਇਰਲ ਹੋਈ। ਇਸ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿਤਾ। ਹੁਣ ਪੰਜਾਬੀ ਇੰਡਸਟਰੀ ਵੀ ਨਿੱਕੂ ਦੇ ਸਮਰਥਨ `ਚ ਉੱਤਰ ਆਈ ਹੈ। ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਆਪਣੀਆਂ ਫ਼ਿਲਮਾਂ `ਚ ਗੀਤ ਗਾਉਣ ਦਾ ਆਫ਼ਰ ਨਿੱਕੂ ਨੂੰ ਦੇ ਦਿੱਤਾ ਹੈ।
ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਨਿੱਕੂ ਨੂੰ ਖੁੱਲ੍ਹਾ ਸਮਰਥਨ ਦਿੱਤਾ ਹੈ। ਇਨ੍ਹਾਂ ਵਿੱਚ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਰਣਜੀਤ ਬਾਵਾ, ਜਸਬੀਰ ਜੱਸੀ ਤੇ ਹੋਰ ਕਈ ਕਲਾਕਾਰਾਂ ਦੇ ਨਾਂ ਸ਼ਾਮਲ ਹਨ।
ਦਿਲਜੀਤ ਦੋਸਾਂਝ ਨੇ ਕਹੀ ਇਹ ਗੱਲ
ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ `ਤੇ ਨਿੱਕੂ ਲਈ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਉਨ੍ਹਾਂ ਨੇ ਲੰਬੀ ਕੈਪਸ਼ਨ ਲਿਖੀ। ਦੋਸਾਂਝ ਨੇ ਕਿਹਾ, ਨਿੱਕੂ ਬਾਈ ਨੂੰ ਦੇਖ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ, ਇਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਵੀ ਲਵ ਯੂ ਵੀਰੇ, ਜਦੋਂ ਵੀ ਸਾਡੀ ਅਗਲੀ ਫ਼ਿਲਮ ਆਊਗੀ, ਪਲੀਜ਼ ਇੱਕ ਗੀਤ ਤੁਸੀਂ ਜ਼ਰੂਰ ਗਾਇਓ।"
ਐਮੀ ਵਿਰਕ ਨੇ ਵੀ ਕੀਤਾ ਸਮਰਥਨ
ਐਮੀ ਵਿਰਕ ਨੇ ਨਿੱਕੂ ਨੂੰ ਸਪੋਰਟ ਕਰਦਿਆਂ ਉਨ੍ਹਾਂ ਲਈ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ। ਉਨ੍ਹਾਂ ਕਿਹਾ, "ਚੜ੍ਹਦੀ ਕਲਾ `ਚ ਰਹੋ ਭਾਜੀ, ਸਮਾਂ ਤਾਂ ਉੱਪਰ ਥੱਲੇ ਚੱਲਦਾ ਰਹਿੰਦਾ। ਸਾਰਾ ਪੰਜਾਬੀ ਤੁਹਾਨੂੰ ਪਿਆਰ ਕਰਦਾ। ਸਭ ਤੁਹਾਨੂੰ ਪਿਆਰ ਕਰਦੇ ਆ, ਵਾਹਿਗੁਰੂ ਚੜ੍ਹਦੀ ਕਲਾ `ਚ ਰੱਖੇ ਤੁਹਾਨੂੰ।"
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਕਿਹਾ, " ਬਾਈ ਜੀ ਆਲਵੇਜ਼ ਵਿਦ ਯੂ, ਦੇਖ ਲਿਓ ਗੀਤ ਤੇ ਗੀਤ ਆਉਣਗੇ।"
ਜਸਬੀਰ ਜੱਸੀ
ਜਸਬੀਰ ਜੱਸੀ ਨੇ ਕਿਹਾ, ਨਿੱਕੂ ਵੀਰੇ ਮੈਨੂੰ ਪਤਾ ਤੂੰ ਜ਼ਿੰਦਗੀ `ਚ ਬਹੁਤ ਦੋਸਤ ਕਮਾਏ ਆ, ਉਨ੍ਹਾਂ `ਚੋਂ ਮੈਂ ਵੀ ਇੱਕ ਹਾਂ। ਅਸੀਂ ਹਮੇਸ਼ਾ ਤੇਰੇ ਨਾਲ ਖੜੇ ਹਾਂ। ਸਦਾ ਚੜ੍ਹਦੀ ਕਲਾ `ਚ ਰਹੋ ਵੀਰੇ।
ਰਣਜੀਤ ਬਾਵਾ
ਰਣਜੀਤ ਬਾਵਾ ਨੇ ਨਿੱਕੂ ਦੇ ਸਮਰਥਨ `ਚ ਇੰਸਟਾਗ੍ਰਾਮ `ਤੇ ਸਟੋਰੀ ਪਾਈ। ਉਨ੍ਹਾਂ ਕਿਹਾ, "ਸਟੇਅ ਸਟਰੌਂਗ ਭਾਜੀ, ਅਸੀਂ ਸਭ ਤੁਹਾਡੇ ਨਾਲ ਹਾਂ, ਤੁਸੀਂ ਇੱਕ ਬੇਹਤਰੀਨ ਕਲਾਕਾਰ ਹੋ, ਮਾਲਕ ਮੇਹਰ ਕਰੇ।"
ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ 90 ਦੇ ਦਹਾਕਿਆਂ ਦੇ ਸੁਪਰਹਿੱਟ ਸਿੰਗਰ ਹਨ। ਉਨ੍ਹਾਂ ਦੇ ਗੀਤ ਅੱਜ ਤੱਕ ਬੱਚੇ ਬੱਚੇ ਦੀ ਜ਼ੁਬਾਨ `ਤੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਸਫ਼ਰ `ਚ ਹੁਣ ਤੱਕ ਕਈ ਸੁਪਰਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।