Parmish Verma Sharry Mann Controversy: ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ `ਚੋਂ ਇੱਕ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਪਿਛਲੇ ਦਿਨੀਂ ਆਪਸੀ ਰੰਜਿਸ਼ ਕਰਕੇ ਖੂਬ ਸੁਰਖੀਆਂ `ਚ ਰਹੇ। ਕਦੇ ਇਹ ਦੋਵੇਂ ਗਾਇਕ ਇੱਕ ਦੂਜੇ ਦੇ ਜਿਗਰੀ ਦੋਸਤ ਹੁੰਦੇ ਸੀ, ਪਰ ਅੱਜ ਦੋਵਾਂ ਦੇ ਦਰਮਿਆਨ ਕੱਟੜ ਦੁਸ਼ਮਣੀ ਹੈ। ਇਹੀ ਨਹੀਂ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਦੋਵੇਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਤੋਂ ਬਾਜ਼ ਨਹੀਂ ਆਉਂਦੇ।
ਹਾਲ ਹੀ `ਚ ਸ਼ੈਰੀ ਮਾਨ ਨੇ ਇੱਕ ਇੰਟਰਵਿਊ `ਚ ਪਰਮੀਸ਼ ਤੇ ਨਿਸ਼ਾਨਾ ਸਾਧਿਆ ਸੀ। ਸ਼ੈਰੀ ਨੇ ਕਿਹਾ ਸੀ ਕਿ ਇੰਡਸਟਰੀ `ਚ ਤੁਹਾਡਾ ਕੋਈ ਦੋਸਤ ਨਹੀਂ ਹੁੰਦਾ ਤੇ ਇਹ ਗੱਲ ਉਨ੍ਹਾਂ ਨੂੰ ਅੱਜ ਸਮਝ ਲੱਗੀ ਹੈ। ਸ਼ੈਰੀ ਦੀ ਇਸ ਗੱਲ ਦਾ ਜਵਾਬ ਪਰਮੀਸ਼ ਨੇ ਆਪਣੇ ਅੰਦਾਜ਼ `ਚ ਦਿੱਤਾ ਸੀ। ਜਿਸ ਤੋਂ ਬਾਅਦ ਸ਼ੈਰੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ। ਉਲਟਾ ਗਾਇਕ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਸੀ। ਪਰ ਹੁਣ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਜੋ ਪੋਸਟ ਸ਼ੇਅਰ ਕੀਤੀ ਹੈ, ਉਸ ਨੂੰ ਦੇਖ ਕੇ ਮਨ `ਚ ਇਹੀ ਖਿਆਲ ਆਉਂਦਾ ਹੈ ਕਿ ਪਰਮੀਸ਼ ਵਰਮਾ ਫ਼ਿਰ ਤੋਂ ਸ਼ੈਰੀ ਤੇ ਤੰਜ ਕੱਸ ਰਹੇ ਹਨ। ਦਰਅਸਲ, ਵੀਡੀਓ `ਚ ਪਰਮੀਸ਼ ਕਾਰ ਬੈਠੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਗੱਡੀ `ਚ ਗਾਣਾ ਚੱਲ ਰਿਹਾ ਹੈ। ਇਹ ਗਾਣਾ ਹੈ `ਆਉਣਾ ਜਾਣਾ ਲੱਗਿਆ ਪਿਆ`। ਇਸ ਗਾਣੇ ਦੀ ਇੱਕ ਲਾਈਨ ਹੈ ਇੱਥੇ ਸੱਪਾਂ ਤੋਂ ਵੀ ਭੈੜੇ ਲੋਕ ਨੇ। ਵੀਡੀਓ ਸ਼ੇਅਰ ਕਰਦਿਆਂ ਪਰਮੀਸ਼ ਨੇ ਕੈਪਸ਼ਨ `ਚ ਲਿਖਿਆ, "ਕੌਰੀ ਝਮੱਟ ਦੀ ਈਪੀ `ਚ ਮੇਰਾ ਫ਼ੇਵਰੇਟ ਗਾਣਾ।"
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੀ ਲੜਾਈ ਪਿਛਲੇ ਸਾਲ ਪਰਮੀਸ਼ ਦੇ ਵਿਆਹ `ਚ ਸ਼ੁਰੂ ਹੋਈ ਸੀ। ਜਦੋਂ ਸ਼ੈਰੀ ਨੇ ਆਪਣੇ ਮੋਬਾਈਲ ਤੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿਤੀ ਸੀ। ਜਿਸ ਤੇ ਉਨ੍ਹਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਸੀ। ਇਸੇ ਗੱਲ ਤੇ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਖਰੀਆਂ ਖਰੀਆਂ ਸੁਣਾਈਆਂ ਸੀ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਦੋਸਤੀ ਵੀ ਟੁੱਟ ਗਈ ਸੀ। ਹੁਣ ਕੁੱਝ ਦਿਨ ਪਹਿਲਾਂ ਸ਼ੈਰੀ ਮਾਨ ਨੇ ਲਾਈਵ ਹੋ ਕੇ ਫ਼ਿਰ ਪਰਮੀਸ਼ ਨੂੰ ਗਾਲਾਂ ਕੱਢੀਆਂ ਸੀ, ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਲੋਕਾਂ ਨੇ ਸ਼ੈਰੀ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਸ਼ੈਰੀ ਨੇ ਮੁਆਫ਼ੀ ਵੀ ਮੰਗੀ ਤੇ ਅੱਗੇ ਤੋਂ ਇਹ ਸਭ ਨਾ ਕਰਨ ਦਾ ਵਾਅਦਾ ਵੀ ਕੀਤਾ। ਪਰ ਲਗਦਾ ਹੈ ਕਿ ਪਰਮੀਸ਼ ਵਰਮਾ ਸ਼ੈਰੀ ਮਾਨ ਨੂੰ ਮੁਆਫ਼ ਕਰਨ ਦੇ ਮੂਡ `ਚ ਨਹੀਂ ਹਨ।