ਨਵੀਂ ਦਿੱਲੀ: ਕਿਸਾਨ ਅੰਦੋਲਨ ਦਿਨ ਬ ਦਿਨ ਤੇਜ਼ ਹੋ ਰਿਹਾ ਹੈ। ਅਜਿਹੇ 'ਚ ਕਿਸਾਨ ਦਿੱਲੀ ਕੂਚ ਕਰ ਚੁੱਕੇ ਹਨ ਤੇ ਕਈ ਔਕੜਾਂ ਸਹਿੰਦਿਆਂ ਰਾਜਧਾਨੀ ਦਾਖਲ ਹੋ ਚੁੱਕੇ ਹਨ। ਕਿਸਾਨ ਅੰਦੋਲਨ ਨੂੰ ਇਸ ਵਾਰ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਦਾ ਪੂਰਨ ਸਹਿਯੋਗ ਮਿਲਿਆ। ਅਜਿਹੇ 'ਚ ਪੰਜਾਬੀ ਗਾਇਕ ਬੱਬੂ ਮਾਨ ਕਿਸਾਨਾਂ ਨੂੰ ਸਮਰਥਨ ਦੇਣ ਦਿੱਲੀ ਪਹੁੰਚੇ।


ਬੱਬੂ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੁਨੀਆਂ ਤਕ ਆਵਾਜ਼ ਪਹੁੰਚਾ ਦਿੱਤੀ ਹੈ। ਜਿੰਨ੍ਹਾਂ ਨੂੰ ਨਸ਼ੇੜੀ ਦੱਸਿਆ ਜਾਂਦਾ ਸੀ, ਜਿੰਨ੍ਹਾਂ ਨੂੰ ਵੈਲੀ ਦੱਸਿਆ ਜਾਂਦਾ ਸੀ , ਉਨ੍ਹਾਂ ਨੇ ਮਿਸਾਲ ਕਾਇਮ ਕਰ ਦਿੱਤੀ ਹੈ।


ਬੱਬੂ ਮਾਨ ਨੇ ਨੌਜਵਾਨਾਂ ਨੂੰ ਆਪਣੇ ਆਪ 'ਚ ਸੁਧਾਰ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਜੋ ਨੌਜਵਾਨ ਸਾਰਾ ਦਿਨ ਫੇਸਬੁੱਕ 'ਤੇ ਲਾਲਾ-ਲਾਲਾ ਕਰੀ ਜਾਂਦੇ ਹਨ ਉਨ੍ਹਾਂ ਨੂੰ ਸੰਜਮ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਪੂਰੀ ਦੁਨੀਆਂ ਫੇਸਬੁੱਕ ਵਰਤਦੀ ਹੈ ਪਰ ਕੀ ਸਾਡੇ ਵਾਂਗ ਕੋਈ ਵਰਤਦਾ ਹੈ।


ਉਨ੍ਹਾਂ ਕਿਹਾ ਕਿ ਆਉ ਸੱਭਿਅਕ ਸਮਾਜ ਸਿਰਜੀਏ। ਇਕ ਦੂਜੇ ਦੀ ਸੁਵਿਧਾ ਦਾ ਖਿਆਲ ਰੱਖੀਏ। ਬੱਬੂ ਮਾਨ ਨੇ ਕਿਹਾ ਦਿਨ ਵੰਡ ਲਿਆ ਕਰੋ, ਸਵੇਰੇ ਗੁਰਬਾਣੀ ਸੁਣਿਆ ਕਰੋ, ਸ਼ਾਮ ਨੂੰ ਕੁਆਲੀਆਂ ਤੇ ਕਦੇ-ਕਦੇ ਗੀਤ ਵੀ ਸੁਣ ਲਿਆ ਕਰੋ। ਉਨ੍ਹਾਂ ਕਿਸਾਨਾਂ ਦੇ ਧਰਨੇ ਨੂੰ ਸਫਲ ਕਰਾਰ ਦਿੰਦਿਆਂ ਕਿਹਾ ਪੂਰਾ ਕਾਮਯਾਬ ਹੈ ਤੇ ਹੁਣ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।