Babbu Maan Live Show In Rohtak Turned Chaotic; ਰੋਹਤਕ ਵਿਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਵਿਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਮਾਨ ਦੇ ਬਾਊਂਸਰ ਵੀ ਬੇਵੱਸ ਹੋ ਗਏ। ਅਖ਼ੀਰ ਪੁਲਿਸ ਨੂੰ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲਣੀ ਪਈ ਪਰ ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਚੁੱਕੀ ਸੀ। ਭੀੜ ਅਤੇ ਹਫੜਾ-ਦਫੜੀ ਦਰਮਿਆਨ ਬੱਬੂ ਮਾਨ ਨੂੰ ਆਖਰਕਾਰ ਸ਼ੋਅ ਅੱਧ ਵਿਚਾਲੇ ਛੱਡਣਾ ਪਿਆ। ਗੁੱਸੇ ਵਿਚ ਆਏ ਦਰਸ਼ਕਾਂ ਨੇ ਟੈਂਟ ਅਤੇ ਕੁਰਸੀਆਂ ਤੋੜ ਦਿੱਤੀਆਂ।
ਦੱਸ ਦਈਏ ਕਿ ਬੱਬੂ ਮਾਨ ਸ਼ਨੀਵਾਰ ਰਾਤ ਨੇੜਲੇ ਪਿੰਡ ਨਕਸਾਹਪੁਰਾ ਵਿਚ ਇੱਕ ਨਿੱਜੀ ਸਕੂਲ ਦੇ ਸਥਾਪਨਾ ਦਿਵਸ ਸਮਾਗਮ ਵਿਚ ਪਰਫਾਰਮ ਕਰਨ ਲਈ ਪਹੁੰਚੇ ਸਨ। ਦਰਸ਼ਕਾਂ ਦੀ ਭੀੜ ਨੂੰ ਦੇਖਦਿਆਂ ਨਿੱਜੀ ਬਾਊਂਸਰਾਂ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰਾਂ ਵੱਲੋਂ ਪੁਲਿਸ ਫੋਰਸ ਦੀ ਮਦਦ ਵੀ ਲਈ ਗਈ ਸੀ। ਬੱਬੂ ਮਾਨ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੇ, ਜਿਸ ਕਾਰਨ ਲੋਕਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਹੁਤ ਸਾਰੇ ਦਰਸ਼ਕ ਸਟੇਜ ’ਤੇ ਪਹੁੰਚ ਗਏ।
ਦਰਸ਼ਕਾਂ ਨੇ ਕੁਰਸੀਆਂ ਦੇ ਕਵਰ ਲਾਹ ਕੇ ਬੱਬੂ ਮਾਨ ’ਤੇ ਸੁੱਟ ਦਿੱਤੇ। ਸਟੇਜ ਦੇ ਨੇੜੇ ਖੜ੍ਹੇ ਦਰਸ਼ਕਾਂ ਅਤੇ ਸੁਰੱਖਿਆ ਗਾਰਡਾਂ ਵਿਚਾਲੇ ਝੜਪ ਹੋ ਗਈ। ਇੱਕ ਸੁਰੱਖਿਆ ਮੁਲਾਜ਼ਮ ਦੇ ਸਿਰ ਵਿਚ ਸੱਟ ਲੱਗ ਗਈ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਜਦੋਂ ਥਾਣਾ ਬਹੁ ਅਕਬਰਪੁਰ ਦੇ ਇੰਚਾਰਜ ਜਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਇਸ ਘਟਨਾ ਸਬੰਧੀ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ।