ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਧਰਨੇ ਨੂੰ ਅੱਜ 27 ਦਿਨ ਹੋ ਗਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੱਜ ਪੰਜਾਬੀ ਗਾਇਕ ਜੈਜ਼ੀ ਬੀ ਵੀ ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ ਤੇ ਪਹੁੰਚੇ।


ਪੰਜਾਬੀ ਗਾਇਕ ਜੈਜ਼ੀ ਬੀ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸਿੱਧਾ ਕੈਨੇਡਾ ਤੋਂ ਦਿੱਲੀ ਸਿੰਘੂ ਬਾਰਡਰ ਵਿਖੇ ਪਹੁੰਚੇ। ਜੈਜ਼ੀ ਬੀ ਨੇ ਇਸ ਦੌਰਾਨ ਕਿਹਾ, "ਕਿਸਾਨਾਂ ਦੇ ਇਨ੍ਹਾਂ ਧਰਨਿਆਂ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਹੈ। ਅਸੀਂ ਕੈਨੇਡਾ ਦੇ ਵਿੱਚ ਵੀ ਰੋਸ ਮੁਜ਼ਾਹਰੇ ਕੱਢੇ ਸੀ। ਸਾਰੇ ਪੰਜਾਬੀ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲੈ ਰਹੇ ਹਨ।"

ਇਸ ਤੋਂ ਇਲਾਵਾ ਜੈਜ਼ੀ ਬੀ ਨੇ ਕਿਸਾਨਾਂ ਦੇ ਸਮਰਥਨ ਲਈ ਆਪਣਾ ਗੀਤ 'ਬਗਾਵਤ' ਵੀ ਗਾਇਆ। ਇਸ ਗੀਤ ਨੂੰ ਜੈਜ਼ੀ ਬੀ ਨੇ ਹਾਲ ਹੀ 'ਚ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ 'ਤੇ ਰਿਲੀਜ਼ ਕੀਤਾ ਸੀ। ਗੀਤ ਬਗਾਵਤ ਤੋਂ ਬਾਅਦ ਜੈਜ਼ੀ ਬੀ ਨੇ ਹੁਣ 'ਜ਼ਿੰਮੀਦਾਰ' ਗੀਤ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਇਆ ਹੈ।ਜੈਜ਼ੀ ਬੀ ਨੇ ਕੈਨੇਡਾ ਵਿੱਚ ਵੀ ਖੇਤੀ ਕਾਨੂੰਨ ਖਿਲਾਫ ਹੋਏ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਸੋਸ਼ਲ ਮੀਡੀਆ 'ਤੇ ਉਸ ਪ੍ਰਦਰਸ਼ਨ ਦੀ ਇੱਕ ਝਲਕ ਵੀ ਜੈਜ਼ੀ ਬੀ ਨੇ ਫੈਨਸ ਨਾਲ ਸਾਂਝੀ ਕੀਤੀ ਸੀ।