Jenny Johal Sidhu Moosewala: ਪੰਜਾਬੀ ਸਿੰਗਰ ਨੂੰ ਜੈਨੀ ਜੌਹਲ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਗਾਇਕਾ ਨੇ ਆਪਣੇ ਟੈਲੇਂਟ ਤੇ ਮੇਹਨਤ ਨਾਲ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਨਾਲ ਗਾਇਕਾ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਉਸ ਨੇ ‘ਲੈਟਰ ਟੂ ਸੀਐਮ’ ਨਾਂ ਦਾ ਗਾਣਾ ਗਾਇਆ ਸੀ। ਜਿਸ ਵਿੱਚ ਉਸ ਨੇ ਸਿੱਧਾ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਸ ਨੇ ਗਾਣੇ ‘ਚ ਸਿੱਧੂ ਲਈ ਇਨਸਾਫ ਦੀ ਮੰਗ ਕੀਤੀ ਸੀ। ਵਿਵਾਦ ਭਖਣ ਤੋਂ ਬਾਅਦ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।
ਹਾਲ ਹੀ ਜੈਨੀ ਜੌਹਲ ਨੇ ਆਪਣੇ ਗਾਣੇ ‘ਐਸਓਏ’ ‘ਚ ਸਿੱਧੂ ਮੂਸੇਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਦੀ ਮੌਤ ‘ਤੇ ਫਿਰ ਸਵਾਲ ਚੁੱਕੇ ਸੀ। ਹੁਣ ਜੈਨੀ ਜੌਹਲ ਫਿਰ ਤੋਂ ਸੁਰਖੀਆਂ ‘ਚ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਸਿੱਧਾ ਭਗਵੰਤ ਮਾਨ ਸਰਕਾਰ ਤੋਂ ਸਵਾਲ ਪੁੱਛਿਆ ਹੈ। ਜੈਨੀ ਜੌਹਲ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਸ ਨੇ ਬੇਬਾਕ ਬੋਲ ਲਿਖੇ ਹਨ। ਜੈਨੀ ਨੇ ਮਾਨ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ, ‘ਅੱਜ ਸਿੱਧੂ ਮੂਸੇਵਾਲਾ ਬਾਈ ਦੀ ਮੌਤ ਨੂੰ ਪੂਰੇ 200 ਦਿਨ ਹੋ ਗਏ ਆ, ਇਨਸਾਫ ਕਿੱਥੇ ਆ ਭਗਵੰਤ ਮਾਨ?’ ਇਸ ਪੋਸਟ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕੀਤਾ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦੀ ਸਿੱਧੂ ਮੂਸੇਵਾਲਾ ਨਾਲ ਨੇੜਤਾ ਸੀ। ਦੋਵਾਂ ਨੇ ਇਕੱਠੇ ਗਾਣਾ ਵੀ ਕਰਨਾ ਸੀ, ਪਰ ਇਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦਸ ਦਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ।