Sharry Mann New Song Tutta Dil: ਪੰਜਾਬੀ ਗਾਇਕ ਸ਼ੈਰੀ ਮਾਨ ਨੇ ਇੰਡਸਟਰੀ ‘ਚ ਧਮਾਕੇਦਾਰ ਵਾਪਸੀ ਕੀਤੀ ਹੈ। ਉਨ੍ਹਾਂ ਦਾ ਗਾਣਾ ‘ਟੁੱਟਾ ਦਿਲ’ 4 ਨਵੰਬਰ ਨੂੰ ਰਿਲੀਜ਼ ਹੋ ਚੁੱਕਿਆ ਹੈ। ਇਹ ਗਾਣਾ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਰਿਹਾ ਹੈ। ਇਸ ਗੀਤ ਨਾਲ ਸ਼ੈਰੀ ਨੇ ਸਭ ਨੂੰ ਦਿਖਾ ਦਿੱਤਾ ਹੈ ਕਿ ਉਹ ਹਾਲੇ ਵੀ ਇੰਡਸਟਰੀ ਦੇ ਟੌਪ ਗਾਇਕ ਹਨ। ਗੀਤ ਨੂੰ ਮਹਿਜ਼ ਚਾਰ ਦਿਨਾਂ ‘ਚ 5.7 ਮਿਲੀਅਨ ਯਾਨਿ 57 ਲੱਖ ਵਿਊਜ਼ ਮਿਲ ਚੁੱਕੇ ਹਨ। ਲੋਕਾਂ ਨੂੰ ਗੀਤ ‘ਚ ਸ਼ੈਰੀ ਦੀ ਅਵਾਜ਼, ਗਾਣੇ ਦਾ ਮਿਊਜ਼ਿਕ ਤੇ ਲਿਰਿਕਸ ਯਾਨਿ ਗਾਣੇ ਦੇ ਬੋਲ ਖੂਬ ਪਸੰਦ ਆ ਰਹੇ ਹਨ।
ਦਸ ਦਈਏ ਕਿ ਇਸ ਗੀਤ ਨੂੰ ਸ਼ੈਰੀ ਮਾਨ ਨੇ ਆਪਣੀ ਆਪਣੀ ਅਵਾਜ਼ ‘ਚ ਗਾਇਆ ਹੈ। ਇਸ ਦੇ ਨਾਲ ਨਾਲ ਗੀਤ ਦੇ ਬੋਲ ਵੀ ਖੁਦ ਸ਼ੈਰੀ ਨੇ ਹੀ ਲਿਖੇ ਹਨ। ਗਾਣੇ ਨੂੰ ਮਿਊਜ਼ਿਕ ਇੰਦਰ ਧਾਮੂ ਨੇ ਦਿੱਤਾ ਹੈ। ਇਸ ਗੀਤ ਨੂੰ ਦੇਸੀ ਵਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦੇਖੋ ਗੀਤ ਦਾ ਵੀਡੀਓ:
ਉੱਧਰ, ਸ਼ੈਰੀ ਮਾਨ ਆਪਣੇ ਗੀਤ ਨੂੰ ਮਿਲ ਰਹੀ ਸਫ਼ਲਤਾ ਤੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਪਰਮੀਸ਼ ਨਾਲ ਹੋਏ ਵਿਵਾਦ ਤੋਂ ਬਾਅਦ ਸ਼ੈਰੀ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ, ਕਿ ਉਹ ਡਿੱਗੇ ਜ਼ਰੂਰ ਹਨ, ਪਰ ਉਹ ਫ਼ਿਰ ਤੋਂ ਉੱਠ ਕੇ ਇੰਡਸਟਰੀ ‘ਚ ਵਾਪਸ ਖੜੇ ਹੋਣਗੇ। ਸ਼ੈਰੀ ਮਾਨ ਨੇ ਆਪਣੀ ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ। ਸ਼ੈਰੀ ਮਾਨ ਨੇ ਆਪਣੇ ਫ਼ੈਨਜ਼ ਨੂੰ ਉਨ੍ਹਾਂ ਦੇ ਗੀਤ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ।
ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਪਰਮੀਸ਼ ਵਰਮਾ ਨਾਲ ਹੋਏ ਵਿਵਾਦ ਤੋਂ ਬਾਅਦ ਮੁੜ ਸੁਰਖੀਆਂ ‘ਚ ਆ ਗਏ ਸੀ। ਉਨ੍ਹਾਂ ਨੇ ਨਸ਼ੇ ਦੀ ਹਾਲਤ ‘ਚ ਪਰਮੀਸ਼ ਨੂੰ ਆਨਲਾਈਨ ਆ ਕੇ ਗੰਦੀਆਂ ਗਾਲਾਂ ਕੱਢੀਆਂ। ਇਸ ਤੋਂ ਬਾਅਦ ਪਰਮੀਸ਼ ਨੇ ਪ੍ਰਤੀਕਿਰਿਆ ਦਿੰਦੇ ਹੋਏ ਸ਼ੈਰੀ ਨੂੰ ਗਧਾ ਬੋਲ ਦਿੱਤਾ ਸੀ। ਆਖਰ ਸ਼ੈਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਪਰਮੀਸ਼ ਤੋਂ ਮੁਆਫ਼ੀ ਮੰਗੀ ਸੀ, ਤਾਂ ਜਾ ਕੇ ਇਹ ਮਾਮਲਾ ਥੋੜਾ ਠੰਢਾ ਹੋਇਆ ਸੀ। ਇਸ ਤੋਂ ਬਾਅਦ ਇੱਕ ਲੰਬਾ ਚੌੜਾ ਨੋਟ ਲਿਖ ਸ਼ੈਰੀ ਮਾਨ ਨੇ ਕਿਹਾ ਸੀ ਕਿ ਮਾਂ ਦੇ ਦੇਹਾਂਤ ਤੋਂ ਬਾਅਦ ਉਹ ਡਿਪਰੈਸ਼ਨ ‘ਚ ਹਨ। ਮਾਂ ਤੋਂ ਟੁੱਟ ਕੇ ਉਹ ਇਕੱਲੇ ਜਿਉਣਾ ਸਿੱਖ ਰਹੇ ਹਨ। ਪਰ ਉਹ ਦੁਬਾਰਾ ਜ਼ਰੂਰ ਆਪਣੇ ਪੈਰਾਂ ‘ਤੇ ਖੜੇ ਹੋਣਗੇ।