Harbhajan Mann: ਪੰਜਾਬੀ ਲੋਕ ਗਾਇਕ ਹਰਭਜਨ ਮਾਨ ਵੀਰਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਅਵਕਾਸ਼ ਵੀ ਮੌਜੂਦ ਸਨ।

ਇਸ ਦੌਰਾਨ ਹਰਭਜਨ ਮਾਨ ਨੇ ਕਿਹਾ ਕਿ ਖਾਲਸਾ ਪੰਥ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀ ਰੂਹ ਨੂੰ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਰੂਹਾਨੀਅਤ ਦਾ ਕੇਂਦਰ ਹੈ ਤੇ ਹਰ ਵਿਅਕਤੀ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਇਸ ਧਰਤੀ ’ਤੇ ਆ ਕੇ ਨਤਮਸਤਕ ਹੋਇਆ ਜਾਵੇ।


 ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਹਰਭਜਨ ਮਾਨ ਨੇ ਕਿਹਾ ਕਿ ਭਗਵੰਤ ਮਾਨ ਨਾਲ ਉਨ੍ਹਾਂ ਦੀ ਬੜੇ ਲੰਮੇ ਸਮੇਂ ਦੀ ਦੋਸਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਲਾਕਾਰ ਭਰਾਵਾਂ ਵਿੱਚੋਂ ਇੱਕ ਵਿਅਕਤੀ ਨੂੰ ਸੂਬੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ।ਇਸ ਤੋਂ ਇਲਾਵਾ ਉਨ੍ਹਾਂ ਹੋਰ ਕਿਸੇ ਰਾਜਨੀਤਕ ਸਵਾਲ ਦਾ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਨ੍ਹਾਂ ਕਿਹਾ ਕਿ ਉਹ ਕੇਵਲ ਇੱਕ ਕਲਾਕਾਰ ਹਨ ਤੇ ਰਾਜਨੀਤੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।


ਇਸ ਤੋਂ ਕੁੱਝ ਦਿਨ ਪਹਿਲਾਂ ਹਰਭਜਨ ਮਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ , ਪਿੰਡ ਖਿਆਲਾ ਕਲਾਂ ਸਕੂਲ ਦੀਆਂ ਇਹਨਾਂ ਹੋਣਹਾਰ ਪਿਆਰੀਆਂ ਬੱਚੀਆਂ ਦੀ ਗਾਈ ਇਹ ਪਿਆਰੀ ਕਵੀਸ਼ਰੀ ਮੈਨੂੰ ਬਹੁਤ ਚੰਗੀ ਲੱਗੀ ਤੇ ਬੇਹੱਦ ਖੁਸ਼ੀ ਹੋਈ ਕਿ ਅੱਜ ਦੇ ਬੱਚੇ ਕਵੀਸ਼ਰੀ ਰੰਗ ਨੂੰ ਬਰਕਰਾਰ ਰੱਖ ਰਹੇ ਹਨ


ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਅਤੇ ਗਾਇਕ ਹਰਭਜਨ ਮਾਨ (Harbhajan Mann) ਅੱਜ ਕਿਸੀ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਲੋਕ ਗੀਤਾਂ ਨੂੰ ਜ਼ਿੰਦਾ ਰੱਖਿਆ ਹੈ। ਗਾਇਕ ਹਰਭਜਨ ਮਾਨ ਦੇ ਗੀਤਾਂ ਨੂੰ ਨਾ ਸਿਰਫ਼ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਖੂਬ ਪਿਆਰ ਮਿਲਦਾ ਹੈ।