ਮੁੰਬਈ: ਨੈਸ਼ਨਲ ਐਵਾਰਡ ਜੇਤੂ ਫਿਲਮ 'ਬਧਾਈ ਹੋ' ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ 'ਬਧਾਈ ਹੋ' ਦੇ ਸੀਕੁਅਲ 'ਬਧਾਈ ਦੋ' ਦੀ ਆਫੀਸ਼ੀਅਲ ਅਨਾਊਸਮੈਂਟ ਕੀਤੀ ਹੈ। ਇਸ ਦੇ ਨਾਲ ਹੀ ਭੂਮੀ ਨੇ ਰਾਜ ਕੁਮਾਰ ਰਾਓ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਫਿਲਮ 'ਤੇ ਕੰਮ ਇਸ ਸਾਲ ਜੂਨ ਤੋਂ ਸ਼ੁਰੂ ਹੋਣਾ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਇਸ' ਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਹੁਣ ਇਸ ਫਿਲਮ ਦੀ ਸ਼ੂਟਿੰਗ ਜਨਵਰੀ 2021 ਤੋਂ ਸ਼ੁਰੂ ਹੋਵੇਗੀ। ਫਿਲਮ ਦੇ ਡਾਇਰੈਕਟਰ ਹਰਸ਼ਵਰਧਨ ਕੁਲਕਰਨੀ ਹੋਣਗੇ। ਜਿਨ੍ਹਾਂ ਨੇ 2015 ਦੀ ਫਿਲਮ 'ਹੰਟਰ' ਨੂੰ ਡਾਇਰੈਕਟ ਕੀਤਾ ਸੀ।
ਹਰਸ਼ਵਰਧਨ ਕੁਲਕਰਨੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ, “ਮੈਂ ਇਸ ਫਰੈਂਚਾਈਜ਼ੀ ਦਾ ਹਿੱਸਾ ਬਣ ਕੇ ਖੁਸ਼ ਹਾਂ। ਪਰਿਵਾਰਕ ਕਾਮੇਡੀ ਸਦਾਬਹਾਰ ਹੁੰਦੀ ਹੈ ਤੇ ਇਹ ਸੀਕੁਅਲ ਵੀ ਮਨੋਰੰਜਨ ਨਾਲ ਭਰਪੂਰ ਹੋਵੇਗਾ ਜਿਸ ਨੂੰ ਪੂਰੇ ਪਰਿਵਾਰ ਨਾਲ ਬੈਠ ਕੇ ਮਾਣਿਆ ਜਾ ਸਕਦਾ ਹੈ। ਸਾਡਾ ਪ੍ਰੀ-ਪ੍ਰੋਡਕਸ਼ਨ 'ਤੇ ਕੰਮ ਸ਼ੁਰੂ ਹੋ ਗਿਆ ਹੈ ਤੇ ਸ਼ੂਟਿੰਗ ਜਨਵਰੀ ਤੋਂ ਸ਼ੁਰੂ ਹੋਵੇਗੀ।
ਫਿਲਮ 'ਬਧਾਈ ਹੋ' 'ਚ ਆਯੁਸ਼ਮਾਨ ਖੁਰਾਣਾ ਅਤੇ ਸਾਨਿਆ ਮਲਹੋਤਰਾ ਮੁੱਖ ਭੂਮਿਕਾ' ਚ ਸਨ। ਫਿਲਮ ਵਿਚ ਨੀਨਾ ਗੁਪਤਾ ਅਤੇ ਗਜਰਾਜ ਰਾਓ ਦੀ ਸ਼ਾਨਦਾਰ ਅਦਾਕਾਰੀ ਹੋਈ ਸੀ। ਹੁਣ ਨਵੀਂ ਫਿਲਮ ਵਿਚ ਰਾਜ ਕੁਮਾਰ ਰਾਓ ਤੇ ਭੂਮੀ ਪੇਡਨੇਕਰ ਦਿਖਾਈ ਦੇਣਗੇ।
ਇਸ ਲੀਡ ਜੋੜੀ ਬਾਰੇ ਗੱਲ ਕਰਦਿਆਂ ਡਾਇਰੈਕਟਰ ਨੇ ਕਿਹਾ, "ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਰੀਡਿੰਗ ਸੈਸ਼ਨ ਕਰ ਰਹੇ ਸੀ ਤੇ ਰਾਜਕੁਮਾਰ ਅਤੇ ਭੂਮੀ ਦੀ ਕੈਮਿਸਟਰੀ ਬਿਲਕੁਲ ਫਿੱਟ ਬੈਠ ਰਹੀ ਸੀ। ਇਸ ਲਈ ਅਸੀਂ ਜੋੜੀ ਨੂੰ ਵੱਡੇ ਪਰਦੇ 'ਤੇ ਦਿਖਾਉਣ ਦਾ ਫੈਸਲਾ ਕੀਤਾ।