ਰਣਬੀਰ ਦੇ ਕਰੀਅਰ ਦਾ ਪਹਿਲਾ ਐਕਸ਼ਨ ‘ਸ਼ਮਸ਼ੇਰਾ’
ਏਬੀਪੀ ਸਾਂਝਾ | 30 Nov 2018 02:57 PM (IST)
ਮੁੰਬਈ: ਯਸ਼ਰਾਜ ਬੈਨਰ ਹੇਠ ਬਣਨ ਵਾਲੀ ਇੱਕ ਹੋਰ ਬਿੱਗ ਬਜਟ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਇਸ ਫ਼ਿਲਮ ਬਾਰੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ‘ਸ਼ਮਸ਼ੇਰਾ’ ਦੀ ਟੀਮ ਹਾਲ ਹੀ ‘ਚ ਯਸ਼ਰਾਜ ਫ਼ਿਲਮਸ ਦੇ ਆਫਿਸ ‘ਚ ਪੂਜਾ ਕਰਨ ਲਈ ਪਹੁੰਚੀ, ਜਿੱਥੇ ਰਣਬੀਰ ਕਪੂਰ, ਵਾਣੀ ਕਪੂਰ ਦੇ ਨਾਲ ਡਾਇਰੈਕਟਰ ਕਰਨ ਮਲਹੋਤਰਾ ਨੂੰ ਵੀ ਦੇਖਿਆ ਗਿਆ। ਖ਼ਬਰਾਂ ਨੇ ਕਿ ਫ਼ਿਲਮ ਦੀ ਸ਼ੂਟਿੰਗ 1 ਦਸੰਬਰ ਯਾਨੀ ਕਲ੍ਹ ਤੋਂ ਸ਼ੁਰੂ ਹੋ ਰਹੀ ਹੈ। ਯਸ਼ਰਾਜ ਦੀ ਪੁਰਾਣੀ ਰੀਤ ਹੈ ਕਿ ਜਦੋਂ ਵੀ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਦੇ ਹਨ ਤਾਂ ਸਾਰੀ ਕਾਸਟ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਪਰ ਇਸ ਪੂਜਾ ਚੋਂ ਫ਼ਿਲਮ ਦੇ ਦੂਜੇ ਲੀਡ ਸਟਾਰ ਸੰਜੇ ਦੱਤ ਗਾਈਬ ਰਹੇ ਕਿਉਂਕਿ ਉਹ ਆਪਣੇ ਦੂਜੇ ਪ੍ਰੋਜੈਕਟਾਂ ‘ਚ ਬਿਜ਼ੀ ਹਨ। ‘ਸ਼ਮਸ਼ੇਰਾ’ ਦੀ ਕਹਾਣੀ ਬਿਲਕੁਲ ਦੇਸੀ ਹੋਵੇਗੀ ਜਿਸ ‘ਚ ਸੰਜੇ ਦੱਤ ਤੇ ਰਣਬੀਰ ਕਪੂਰ ‘ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣਗੇ। ਇਹ ਰਣਬੀਰ ਦੇ ਕਰੀਅਰ ਦੀ ਪਹਿਲੀ ਐਕਸ਼ਨ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਇਹ ਫ਼ਿਲਮ ਰਣਬੀਰ ਦੇ ਫੈਨਸ ਦੇ ਲਈ ਵੱਡਾ ਤੋਹਫਾ ਹੋਵੇਗੀ। ਸਾਰੇ ਸਟਾਰਸ ਫ਼ਿਲਮ ਦੇ ਲਈ ਕਾਫੀ ਐਕਸਾਈਟਿਡ ਹਨ। ‘ਸ਼ਮਸ਼ੇਰਾ’ ਨੂੰ ਕਰਨ ਮਲਹੋਤਰਾ ਡਾਇਰੈਕਟ ਕਰਨਗੇ।