ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਤਕਰੀਬਨ ਇੱਕ ਲੱਖ ਕਿਸਾਨ ਕਰਜ਼ਾ ਮੁਆਫ਼ੀ ਲਈ ਇਕੱਠੇ ਹੋ ਚੁੱਕੇ ਹਨ। ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨ ਅੱਜ ਦਿੱਲੀ ਵਿੱਚ ਸੰਸਦ ਭਵਨ ਤਕ ਪੈਦਲ ਮਾਰਚ ਕਰਨਗੇ। ਪੁਲਿਸ ਨੇ ਕਿਸਾਨਾਂ ਦੇ ਮਾਰਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।


ਜਿੱਥੇ ਦੇਸ਼ ਵਿੱਚ ਰਾਮ ਮੰਦਰ ਦੇ ਮਸਲੇ 'ਤੇ ਫਿਰਕੂ ਤੇ ਸਿਆਸੀ ਹਨੇਰੀ ਵਗ ਰਹੀ ਹੈ, ਉੱਥੇ ਕਿਸਾਨਾਂ ਨੇ ਹੋਕਾ ਦਿੱਤਾ ਹੈ ਕਿ ਸਾਨੂੰ ਅਯੁੱਧਿਆ ਨਹੀਂ ਬਲਕਿ ਕਰਜ਼ ਮੁਆਫ਼ੀ ਚਾਹੀਦੀ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਵੱਡੇ ਲੀਡਰਾਂ ਤੇ ਸਿਆਸਤਦਾਨਾਂ ਦੇ ਨਾਲ-ਨਾਲ ਡਾਕਟਰਾਂ, ਵਕੀਲਾਂ, ਸਾਬਕਾ ਫ਼ੌਜੀਆਂ ਦੇ ਨਾਲ-ਨਾਲ ਵਿਦਿਆਰਥੀਆਂ ਤੇ ਆਮ ਲੋਕਾਂ ਦਾ ਸਾਥ ਵੀ ਮਿਲਿਆ। ਸਾਰੇ ਲੋਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋ ਰਹੇ ਹਨ।

ਸਬੰਧਤ ਖ਼ਬਰ: ਸਰਕਾਰਾਂ ਦੇ ਝੰਬੇ ਕਿਸਾਨਾਂ ਲਈ ਗੁਰੂਘਰਾਂ ਨੇ ਖੋਲ੍ਹੇ ਦਰਵਾਜ਼ੇ ਤੇ ਆਮ ਲੋਕਾਂ ਨੇ ਦਿਲ

ਦੇਸ਼ ਭਰ ਤੋਂ ਤਕਰਬੀਨ 200 ਕਿਸਾਨ ਜਥੇਬੰਦੀਆਂ ਇੱਕਜੁਟ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨ ਰੇਲਵੇ ਸਟੇਸ਼ਨਾਂ ਨਿਜ਼ਾਮੂਦੀਨ, ਸਬਜ਼ੀ ਮੰਡੀ, ਆਨੰਦ ਵਿਹਾਰ ਟਰਮੀਨਲ ਤੇ ਮਜਨੂੰ ਕਾ ਟਿੱਲਾ ਤੋਂ ਮਾਰਚ ਕਰਦੇ ਹੋਏ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ। ਇਨ੍ਹਾਂ ਕਿਸਾਨਾਂ ਨੇ ਹੁਣ ਸੰਸਦ ਭਵਨ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ।


ਰੋਸ ਮਾਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦਿੱਲੀ ਜਲ ਬੋਰਡ ਵੱਲੋਂ ਉਨ੍ਹਾਂ ਨੂੰ ਪਾਣੀ ਤੇ ਸਥਾਨਕ ‘ਆਪ’ ਵਿਧਾਇਕਾਂ ਨੇ ਉਨ੍ਹਾਂ ਨੂੰ ਖਾਣ-ਪੀਣ ਸਾਮਾਨ ਮੁਹੱਈਆ ਕੀਤਾ ਹੈ। ਇਸੇ ਤਰ੍ਹਾਂ ਦਿੱਲੀ ਦੇ ਪੰਜ ਗੁਰਦੁਆਰੇ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਕਈ ਸਮਾਜਕ ਕਾਰਕੁਨਾਂ ਨੇ ਗਰਮ ਕੱਪੜਿਆਂ ਦਾ ਬੰਦੋਬਸਤ ਕੀਤਾ ਹੈ ਤੇ 25 ਤੋਂ 30 ਡਾਕਟਰ ਕਿਸਾਨਾਂ ਲਈ ਉਪਲਬਧ ਹਨ।