ਬਾਲੀਵੁੱਡ ਦੇ ਕਰਨ-ਅਰਜੁਨ ਯਾਨੀ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਦੀ ਜੋੜੀ ਇਕ ਅਜਿਹੀ ਜੋੜੀ ਹੈ ਜਿਨ੍ਹਾਂ ਨੂੰ ਫੈਨਸ ਹਮੇਸ਼ਾ ਵੱਡੇ ਪਰਦੇ 'ਤੇ ਇਕੱਠੇ ਦੇਖਣਾ ਚਾਹੁੰਦੇ ਹਨ। ਇਸ ਲਈ ਫੈਨਸ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜੀ ਹਾਂ, ਸਲਮਾਨ ਅਤੇ ਸ਼ਾਹਰੁਖ ਇਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਇਕੱਠੇ ਦਿਖਾਈ ਦੇਣ ਜਾ ਰਹੇ ਹਨ।
ਸਲਮਾਨ, ਸ਼ਾਹਰੁਖ ਖਾਨ ਦੀ ਫਿਲਮ ਪਠਾਨ 'ਚ ਨਜ਼ਰ ਆਉਣਗੇ। ਸੱਲੂ ਜਲਦੀ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਸਲਮਾਨ ਖਾਨ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਦਰਅਸਲ ਇਨ੍ਹਾਂ ਦਿਨਾਂ 'ਚ ਸਲਮਾਨ ਖਾਨ ਬਿੱਗ ਬੌਸ ਦੇ ਸੀਜ਼ਨ 14 ਨੂੰ ਹੋਸਟ ਕਰ ਰਹੇ ਹਨ। ਇਹ ਸ਼ੋਅ ਹੁਣ ਫਿਨਾਲੇ ਵੱਲ ਵਧ ਰਿਹਾ ਹੈ। ਵੀਕੈਂਡ ਦੇ ਦੌਰਾਨ ਸਲਮਾਨ ਖਾਨ ਨੇ ਅੱਗੇ ਦੀ ਯੋਜਨਾਬੰਦੀ ਤੇ ਪ੍ਰਾਜੈਕਟਾਂ ਬਾਰੇ ਦੱਸਿਆ।
ਸਲਮਾਨ ਖਾਨ ਨੇ ਕਿਹਾ ਕਿ ਉਹ ‘ਬਿੱਗ ਬੌਸ 14’ ਦੇ ਫਾਈਨਲ ਤੋਂ ਬਾਅਦ ਫਿਲਮ ਪਠਾਨ ਦੀ ਸ਼ੂਟਿੰਗ ਕਰਨਗੇ। ਇਸ ਦੇ ਨਾਲ ਹੀ ਦਬੰਗ ਸਟਾਰ ਨੇ 'ਕਭੀ ਈਦ, ਕਭੀ ਦੀਵਾਲੀ' ਨਾਮ ਦੀ ਇੱਕ ਹੋਰ ਫਿਲਮ ਬਾਰੇ ਵੀ ਦੱਸਿਆ ਜਿਸ ਦਾ ਨਿਰਦੇਸ਼ਨ ਉਨ੍ਹਾਂ ਦੇ ਦੋਸਤ ਸਾਜਿਦ ਨਾਡੀਆਡਵਾਲਾ ਕਰਨਗੇ। ਇਸ ਦੇ ਨਾਲ ਹੀ ਸਲਮਾਨ ਨੇ ਮਜ਼ਾਕੀਆ ਅੰਦਾਜ਼ 'ਚ ਇਹ ਵੀ ਕਿਹਾ ਕਿ ਜੇ ਉਸ ਨੂੰ 15% ਦਾ ਹਾਈਕ ਮਿਲਦਾ ਹੈ ਤਾਂ ਹੀ ਉਹ ਬਿੱਗ ਬੌਸ ਦੇ ਅਗਲੇ ਸੀਜ਼ਨ ਨੂੰ ਹੋਸਟ ਕਰਨਗੇ।