ਮੁੰਬਈ: ਬਾਲੀਵੁੱਡ ਦੇ ਟਾਈਗਰ ਸਲਮਾਨ ਖ਼ਾਨ ਇਸ ਗੱਲ ਲਈ ਸੁਰਖੀਆਂ ‘ਚ ਰਹੇ ਹਨ ਕਿ ਉਨ੍ਹਾਂ ਨੇ ਇੰਟਰਨੈੱਟ ਸੈਂਸੇਸ਼ਨ ਰਾਣੂ ਮੰਡਲ ਨੂੰ ਫਲੈਟ ਗਿਫਟ ਕੀਤਾ ਹੈ। ਜਦੋਂ ਸਲਮਾਨ ਨੂੰ ਇਸ ਬਾਰੇ ਸੋਮਵਾਰ ਨੂੰ ਬਿੱਗ ਬੌਸ 13 ਦੇ ਲੌਂਚਿੰਗ ਇਵੈਂਟ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਇਹ ਖ਼ਬਰ ਝੂਠੀ ਹੈ। ਮੈਂ ਵੀ ਇਸ ਬਾਰੇ ਸੁਣਿਆ ਹੈ। ਜੋ ਮੈਂ ਨਹੀਂ ਕੀਤਾ, ਉਸ ਦਾ ਕ੍ਰੈਡਿਟ ਮੈਂ ਨਹੀਂ ਲਵਾਂਗਾ। ਮੈਂ ਅਜਿਹਾ ਕੁਝ ਨਹੀਂ ਕੀਤਾ।”


ਕੁਝ ਸਮਾਂ ਪਹਿਲਾਂ ਇਹ ਖ਼ਬਰ ਸੁਰਖੀਆਂ ‘ਚ ਛਾਈ ਹੋਈ ਸੀ ਕਿ ਸਲਮਾਨ ਨੇ ਰਾਣੂ ਨੂੰ ਫਲੈਟ ਗਿਫਟ ਕੀਤਾ ਹੈ ਜਿਸ ਦੀ ਕੀਮਤ 55 ਲੱਖ ਰੁਪਏ ਹੈ। ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ‘ਤੇ ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਫੇਮਸ ਹੋਈ ਰਾਣੂ ਹੁਣ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਉਸ ਨੇ ਹਿਮੇਸ਼ ਰੇਸ਼ਮੀਆ ਨਾਲ ਤਿੰਨ ਗਾਣੇ ਵੀ ਰਿਕਾਰਡ ਕੀਤੇ ਹਨ।