ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਕਹੇ ਜਾਣ ਵਾਲੇ ਸਤੀਸ਼ ਕੌਲ ਇਸ ਫਾਨੀ ਸੰਸਾਰ ਨੂੰ ਅਲਵੀਦਾ ਕਹਿ ਗਏ ਹਨ।ਕੋਰੋਨਾਵਾਇਰਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ।ਸਤੀਸ਼ ਕੌਲ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਪਿਛਲੇ ਦਿਨੀਂ ਉਹ ਕੋਰੋਨਾ ਦੀ ਲਪੇਟ ਵਿੱਚ ਆ ਗਏ ਸੀ।ਉਹ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਸੀ।ਸਤੀਸ਼ ਕੌਲ 74 ਸਾਲਾਂ ਦੇ ਸੀ ਅਤੇ ਉਹ ਕਰੀਬ 300 ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਸੀ।ਉਹ ਕਈ ਟੀਵੀ ਪ੍ਰੋਗਰਾਮਾਂ ਵਿੱਚ ਵੀ ਕੰਮ ਚੁੱਕੇ ਸੀ।
ਮਸ਼ਹੂਰ ਟੀਵੀ ਪ੍ਰੋਗਰਾਮ ਮਹਾਭਾਰਤ ਵਿੱਚ ਉਨ੍ਹਾਂ ਇੰਦਰਦੇਵ ਦਾ ਰੋਲ ਕੀਤਾ ਸੀ।ਕੌਲ ਦੀ ਭੈਣ ਸੱਤਿਆ ਦੇਵੀ ਨੇ ਦੱਸਿਆ ਕਿ, “ਉਹ ਪਿਛਲੇ ਪੰਜ-ਛੇ ਦਿਨਾਂ ਤੋਂ ਬੁਖਾਰ ਸੀ ਅਤੇ ਉਹ ਠੀਕ ਨਹੀਂ ਸੀ। ਇਸ ਲਈ, ਵੀਰਵਾਰ ਨੂੰ ਅਸੀਂ ਉਨ੍ਹਾਂ ਨੂੰ ਸ਼੍ਰੀ ਰਾਮ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਫਿਰ ਸਾਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਕੋਰੋਨਾਵਾਇਰਸ ਹੈ।" ਉਨ੍ਹਾਂ ਕਿਹਾ ਕਿ, ਅਦਾਕਾਰ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਹੋਵੇਗਾ।
ਦੱਸ ਦੇਈਏ ਕਿ ਉਹ ਆਪਣੀ ਜ਼ਿੰਦਗੀ ਬੇਹੱਦ ਮਾੜੀ ਹਾਲਤ ‘ਚ ਬਿਤਾ ਰਹੇ ਸੀ। ਉਹ ਇੱਕ-ਇੱਕ ਪੈਸੇ ਲਈ ਮੋਹਤਾਜ਼ ਹੋ ਗਏ ਸਨ। ਸਤੀਸ਼ ਕੌਲ ਨੇ 1969 ‘ਚ ਪੁਨੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਹ ਜਯਾ ਬੱਚਨ, ਅਮਿਤਾਭ ਬੱਚਨ ਤੇ ਸ਼ਤਰੁਘਨ ਸਿਨ੍ਹਾ ਦੇ ਬੈਚਮੇਟ ਸੀ। 2014 ‘ਚ ਨਹਾਉਣ ਸਮੇਂ ਸਤੀਸ਼ ਡਿੱਗ ਗਏ। ਇਸ ਤੋਂ ਬਾਅਦ ਉਹ ਢਾਈ ਸਾਲ ਬੈੱਡ ‘ਤੇ ਰਹੇ ਤੇ 2015 ‘ਚ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ 11 ਹਜ਼ਾਰ ਰੁਪਏ ਦੀ ਪੈਨਸ਼ਨ ਲੱਗੀ।
ਫੇਰ ਉਨ੍ਹਾਂ ਨੇ ਇੱਕ ਐਕਟਿੰਗ ਸਕੂਲ ਖੋਲ੍ਹਿਆ ਜਿਸ ਦੇ ਫਲੌਪ ਹੋਣ ਤੋਂ ਬਾਅਦ ਉਹ ਬਿਰਧ ਆਸ਼ਰਮ ਚਲੇ ਗਏ। ਇੱਥੋਂ ਇੱਕ ਔਰਤ ਉਨ੍ਹਾਂ ਨੂੰ ਆਪਣੇ ਘਰ ਲੈ ਗਈ। ਸਤੀਸ਼ ਕੌਲ ਧਰਮੇਂਦਰ, ਗੋਵਿੰਦਾ, ਦਿਲੀਪ ਕੁਮਾਰ, ਦੇਵਾਨੰਦ ਨਾਲ ਫ਼ਿਲਮਾਂ ਕਰ ਚੁੱਕੇ ਹਨ।