Parmish Verma Sharry Maan Controversy: ਇਕ ਵਾਰ ਫ਼ਿਰ ਤੋਂ ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ 'ਤੇ ਸ਼ਰਾਬ ਪੀ ਕੇ ਲਾਈਵ ਹੋਇਆ। ਇਸ ਵਾਰ ਉਸ ਸ਼ਰਾਬ ਪੀ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਸ਼ੈਰੀ ਮਾਨ ਨੇ ਸ਼ਰਾਬ ਪੀ ਕੇ ਆਪਣੀ ਇਕ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਪੰਜਾਬ ਦੇ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦਾ ਨਜ਼ਰ ਆਇਆ। ਇਸ ਵੀਡੀਓ 'ਚ ਉਹ ਪਰਮੀਸ਼ ਨੂੰ ਕਾਫ਼ੀ ਮਾੜਾ ਚੰਗਾ ਵੀ ਬੋਲ ਰਿਹਾ ਹੈ। 


ਸ਼ੈਰੀ ਮਾਨ ਨੇ ਸਾਂਝੀ ਕੀਤੀ ਹੁਣ ਇਹ ਪੋਸਟ
ਇਸ ਵਿਵਾਦ ਤੋਂ ਬਾਅਦ ਹੁਣ ਇਕ ਵਾਰ ਫ਼ਿਰ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਚੰਗਾ ਮਾੜਾ ਟਾਈਮ ਆਉਂਦਾ ਜਾਂਦਾ ਰਹਿੰਦਾ ਪਰ ਮਾੜੇ ਟਾਈਮ ਦੀ ਵੀ ਇਕ ਚੰਗੀ ਗੱਲ ਹੈ ਕਿ ਅਸਲੀ ਚੀਜ਼ਾਂ ਸਾਹਮਣੇ ਆ ਜਾਂਦੀਆਂ। ਬਾਕੀ ਬੰਦਿਆਂ ਨੂੰ ਬਣਾਉਣ ਵਾਲਾ ਵੀ ਬੰਦਾ ਆਪ ਹੀ ਆ ਤੇ ਮਿਟਾਉਣ ਵਾਲਾ ਵੀ...ਕਿਸੇ ਪਾਸੇ ਮਰਜੀ ਲਾ ਲੋ, ਮੈਨੂੰ ਲੱਗਦਾ ਕਿ ਮੇਰੀ ਮਾਂ ਦੇ ਜਾਣ ਤੋਂ ਬਾਅਦ ਸ਼ਾਇਦ ਮੈਂ ਉਹ ਊਰਜਾ (ਧਿਆਨ) ਗਲ਼ਤ ਪਾਸੇ ਲਾਈ ਕਿਉਂਕਿ ਉਹਦੇ ਬਿਨਾਂ ਕੋਈ ਨਹੀਂ ਸੀ ਮੇਰਾ ਪਰ ਅੱਜ ਸੂੰਹ ਲੱਗੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਤੇ ਆਪਣੀ ਮਾਂ ਦੇ ਲਈ, ਅੱਜ ਤੋਂ ਹੀ ਸਮਝ ਲੋ ਮੈਂ ਨੈਗੇਟਿਵ ਤੋਂ ਪਾਜ਼ੀਟਿਵ ਆਲੇ ਪਾਸੇ ਹੋ ਗਿਆ। ਟਾਈਮ ਥੋੜਾ ਤੇ ਕੰਮ ਬਹੁਤ ਕਰਨੇ ਆ, ਤੁਸੀਂ ਸਾਰੇ ਜਿੰਨਾ ਮੈਨੂੰ ਪਿਆਰ ਕਰਦੇ ਹੋ ਮੈਂ ਇਸ ਦਾ ਕਰਜਾ ਕਦੇ ਨਹੀਂ ਉਤਾਰ ਸਕਾਂਗਾ ਬਸ ਹੁਣ ਤੁਹਾਡੇ ਲਈ ਲਿਖਣਾ-ਗਾਉਣਾ ਉਹ ਵੀ ਬਿਨਾਂ ਕਿਸੇ ਲਾਲਚ ਦੇ। 




ਪਰਮੀਸ਼ ਵਰਮਾ ਨੇ ਵੀ ਦਿੱਤਾ ਮੂੰਹਤੋੜ ਜਵਾਬ 
ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ਸਟੋਰੀਜ਼ 'ਚ ਸ਼ੈਰੀ ਮਾਨ ਨੂੰ ਜਵਾਬ ਦਿੰਦਿਆਂ ਲਿਖਿਆ, ''ਬਹੁਤ ਕਲਾਕਾਰ G.O.A.T. ਬਣਦੇ ਦੇਖੇ ਸੀ। ਇਹ ਪਹਿਲਾ ਹੈ ਜਿਹੜਾ ਗਧਾ ਬਣਦਾ ਦੇਖਿਆ। ਤਰਸ ਆਉਂਦਾ ਤੇਰੇ ਇਹ ਹਾਲਾਤ ਦੇਖ ਕੇ।'' ਸਿਰਫ਼ ਇਹੀ ਨਹੀਂ ਪਰਮੀਸ਼ ਵਰਮਾ ਨੇ ਆਪਣੀ ਇਕ ਹੋਰ ਸਟੋਰੀ 'ਚ ਲਿਖਿਆ,  ''ਉਨ੍ਹਾਂ ਬੰਦਿਆਂ ਦੀ ਕਦੇ ਨਾ ਸੁਣੋ, ਜਿਨ੍ਹਾਂ ਦੀ ਜ਼ਿੰਦਗੀ ਤੁਸੀਂ ਕਦੇ ਜਿਊਣਾ ਹੀ ਨਹੀਂ ਚਾਹੁੰਦੇ।'' ਪਰਮੀਸ਼ ਵਰਮਾ ਦੀਆਂ ਇਨ੍ਹਾਂ ਸਟੋਰੀਜ਼ ਤੋਂ ਸਾਫ ਹੈ ਕਿ ਉਸ ਦਾ ਇਸ਼ਾਰਾ ਸ਼ੈਰੀ ਮਾਨ ਵੱਲ ਹੈ।


ਇੰਝ ਸ਼ੁਰੂ ਹੋਇਆ ਸੀ ਇਹ ਵਿਵਾਦ
ਦੱਸ ਦਈਏ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਉਸ ਦੇ ਵਿਆਹ ਤੋਂ ਸ਼ੁਰੂ ਹੋਇਆ ਸੀ, ਜਦੋਂ ਉਹ ਪਰਮੀਸ਼ ਦੇ ਵਿਆਹ ਲਈ ਕੈਨੇਡਾ ਗਏ ਸਨ। ਪਰਮੀਸ਼ ਦੇ ਵਿਆਹ ਵਾਲੇ ਦਿਨ ਸ਼ੈਰੀ ਮਾਨ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਸਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਮਾੜਾ ਬੋਲਿਆ ਹੋਵੇ ਜਾਂ ਗਾਲ੍ਹਾਂ ਕੱਢੀਆਂ ਹੋਣ। ਸ਼ੈਰੀ ਮਾਨ ਬਹੁਤ ਵਾਰ ਸ਼ਰਾਬ ਪੀ ਕੇ ਸੋਸ਼ਲ ਮੀਡੀਆ 'ਤੇ ਲਾਈਵ ਆ ਚੁੱਕੇ ਹਨ ਤੇ ਪਰਮੀਸ਼ ਵਰਮਾ ਨੂੰ ਮਾੜਾ ਬੋਲ ਚੁੱਕੇ ਹਨ।