ਚੰਡੀਗੜ੍ਹ: ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘਰੇ 'ਚ ਆਈ ਪੰਜਾਬੀ ਫ਼ਿਲਮ 'ਸ਼ੂਟਰ' ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਇਹ ਫ਼ਿਲਮ ਕਥਿਤ ਤੌਰ 'ਤੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ 'ਤੇ ਆਧਾਰਤ ਹੈ। ਫ਼ਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਵੱਲੋਂ 10 ਫਰਵਰੀ ਨੂੰ ਰੋਕ ਲਾ ਦਿੱਤੀ ਗਈ ਸੀ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਸ਼ੂਟਰ' 'ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਫ਼ਿਲਮ ਨੂੰ ਹਿੰਸਾ, ਘਿਨਾਉਣੇ ਅਪਰਾਧ, ਜਬਰ-ਜ਼ਨਾਹ, ਧਮਕੀਆਂ ਤੇ ਅਪਰਾਧਕ ਘਟਨਾਵਾਂ ਨੂੰ ਉਤਸ਼ਾਹਤ ਕਰਨ ਵਾਲੀ ਦੱਸਦਿਆਂ ਇਹ ਆਦੇਸ਼ ਦਿੱਤੇ ਸਨ।

ਉਧਰ ਫ਼ਿਲਮ ਦੇ ਨਿਰਮਾਤਾ ਕੇਵਲ ਸਿੰਘ ਨੇ ਲਾਈ ਗਈ ਰੋਕ ਨੂੰ ਗੈਰ-ਕਾਨੂੰਨੀ ਦੱਸਿਆ। ਕੇਵਲ ਸਿੰਘ ਨੇ ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਫ਼ਿਲਮ ਦੇ ਸਿਲਵਰ ਸਕਰੀਨ 'ਤੇ ਆਉਣ ਤੋਂ ਪਹਿਲਾਂ ਹੀ ਇਸ 'ਤੇ ਰੋਕ ਲਾ ਕੇ ਸੰਵਿਧਾਨ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਹੈ।

ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਵੱਲੋਂ ਨਿਰਦੇਸ਼ਤ ਫਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਦੀ ਰੋਕ ਨੂੰ ਨਾਜਾਇਜ਼ ਦੱਸਦਿਆਂ ਅਪੀਲਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਲਈ ਸੈਂਸਰ ਬੋਰਡ ਤੋਂ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਹੋਇਆ ਹੈ ਪਰ ਸਰਕਾਰ ਨੇ ਸੈਂਸਰ ਬੋਰਡ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਫ਼ਿਲਮ 'ਤੇ ਰੋਕ ਲਾ ਦਿੱਤੀ ਸੀ। ਅਪੀਲਕਰਤਾ ਨੇ ਫ਼ਿਲਮ 'ਤੇ ਫ਼ਿਲਮ ਨਾਲ ਜੁੜੇ ਲੋਕਾਂ ਨੂੰ ਧਮਕਾਉਣ ਦੇ ਵੀ ਦੋਸ਼ ਲਾਏ ਹਨ।