ਮੁੰਬਈ: ਪ੍ਰਸਿੱਧ ਟੀਵੀ ਸ਼ੋਅ 'ਬਾਲਿਕਾ ਵਧੂ' 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਤੇ ਫ਼ਿਲਮ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੱਜ ਅੰਤਿਮ ਸੰਸਕਾਰ ਹੋਏਗਾ। ਅੱਜ ਸਵੇਰੇ ਡਾਕਟਰਾਂ ਨੇ ਪੁਲਿਸ ਨੂੰ ਪੋਸਟ ਮਾਰਟਮ ਦੀ ਰਿਪੋਰਟ ਸੌਂਪ ਦਿੱਤੀ ਹੈ। ਇਸ ਮਗਰੋਂ ਸਿਧਾਰਥ ਦੀ ਦੇਹ ਪਰਿਵਾਰਕ ਮੈਂਬਰ ਨੂੰ ਸੌਂਪੀ ਜਾਏਗੀ। ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ ਤੇ ਦੋ ਭੈਣਾਂ ਛੱਡ ਗਏ ਹਨ।
ਸਿਧਾਰਥ ਦੇ ਘਰ ਅਫਸੋਸ ਕਰਨ ਕਲਾਕਾਰ ਪਹੁੰਚ ਰਹੇ ਹਨ। ਉੱਥੇ ਵਰੁਣ ਧਵਨ ਤੇ ਰਾਜ ਕੁਮਾਰ ਰਾਓ ਵੀ ਨਜ਼ਰ ਆਏ। ਰਸ਼ਮੀ ਦੇਸਾਈ, ਦੇਵੋਲੀਨਾ, ਰਾਹੁਲ ਮਹਾਜਨ ਵੀ ਪਹੁੰਚੇ। ਉਧਰ, ਜਾਨ ਕੁਮਾਰ ਸਾਨੂ ਨੇ ਗੀਤ ਰਾਹੀਂ ਸਿਧਾਰਥ ਸ਼ੁਕਲਾ ਨੂੰ ਟ੍ਰਿਬਿਊਟ ਪੇਸ਼ ਕੀਤਾ ਹੈ। ਸਿਧਾਰਥ ਲਈ 'ਜਾਨ ਕੁਮਾਰ ਸਾਨੂ' ਨੇ 'ਚੰਨਾ ਮੇਰਿਆ' ਗੀਤ ਗਾਇਆ ਹੈ। ਜਾਨ ਕੁਮਾਰ ਸਾਨੂ ਨੇ ਕਿਹਾ ਕਿ ਮੈਂ ਸਿਧਾਰਥ ਸ਼ੁਕਲਾ ਦਾ ਬਹੁਤ ਵੱਡਾ ਫ਼ੈਨ ਹਾਂ।
ਸਿਧਾਰਥ ਸ਼ੁਕਲਾ ਨੇ 2020 'ਚ 'ਬਿੱਗ ਬੌਸ 13' ਜਿੱਤਿਆ ਸੀ। ਉਨ੍ਹਾਂ ਨੇ ਆਪਣਾ ਕਰੀਅਰ ਮਾਡਲ ਵਜੋਂ ਸ਼ੁਰੂ ਕੀਤਾ ਤੇ ਟੀਵੀ ਸ਼ੋਅ 'ਬਾਬੁਲ ਕਾ ਆਂਗਣ ਛੂਟੇ ਨਾ' 'ਚ ਮੁੱਖ ਭੂਮਿਕਾ ਨਾਲ ਡੈਬਿਊ ਕੀਤਾ। ਬਾਅਦ 'ਚ ਉਹ 'ਜਾਣੇ ਪਹਿਚਾਣੇ ਸੇ-ਯੇ ਅਜਨਬੀ', 'ਲਵ ਯੂ ਜ਼ਿੰਦਗੀ' ਵਰਗੇ ਹੋਰ ਸ਼ੋਆਂ 'ਚ ਨਜ਼ਰ ਆਏ, ਪਰ 'ਬਾਲਿਕਾ ਵਧੂ' ਨੇ ਉਨ੍ਹਾਂ ਨੂੰ ਪ੍ਰਮੁੱਖ ਪਛਾਣ ਦਿੱਤੀ।
'ਬਿਗ ਬਾਸ 13' ਤੋਂ ਇਲਾਵਾ ਉਨ੍ਹਾਂ 'ਝਲਕ ਦਿਖਲਾ ਜਾ 6' ਤੇ 'ਫੀਅਰ ਫੈਕਟਰ-ਖ਼ਤਰੋਂ ਕੇ ਖਿਲਾੜੀ 7' ਵਰਗੇ ਹੋਰ ਰਿਐਲਟੀ ਸ਼ੋਆਂ 'ਚ ਵੀ ਹਿੱਸਾ ਲਿਆ। ਸ਼ੁਕਲਾ ਨੇ 2014 'ਚ ਕਰਨ ਜੌਹਰ ਦੀ ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।
ਇਸ ਫਿਲਮ 'ਚ ਉਨ੍ਹਾਂ ਵਰੁਣ ਧਵਨ ਤੇ ਆਲੀਆ ਭੱਟ ਨਾਲ ਸਹਾਇਕ ਭੂਮਿਕਾ ਨਿਭਾਈ। ਅਦਾਕਾਰ ਮਨੋਜ ਵਾਜਪਾਈ, ਫ਼ਿਲਮ ਨਿਰਮਾਤਾ ਹੰਸਲ ਮਹਿਤਾ, ਅਦਾਕਾਰ ਰਿਤੇਸ਼ ਦੇਸ਼ਮੁੱਖ ਤੇ ਰਾਜੀਵ ਖੰਡੇਲਵਾਲ ਨੇ ਸ਼ੁਕਲਾ ਦੇ ਚਲੇ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।