ਚੰਡੀਗੜ੍ਹ: ਸਿੱਧੂ ਮੂਸੇਵਾਲਾ ਮੌਤ ਸਾਹਮਣੇ ਵੇਖ ਕੇ ਡਰਿਆ ਨਹੀਂ ਸੀ। ਉਸ ਨੇ ਹਮਲਾਵਰਾਂ 'ਤੇ ਆਪਣੇ ਪਿਸਟਲ ਨਾਲ ਫਾਇਰੰਗ ਕੀਤੀ ਸੀ ਪਰ ਸਾਹਮਣੇ ਆਧੁਨਿਕ ਹਥਿਆਰ ਹੋਣ ਕਰਕੇ ਉਹ ਕੁਝ ਨਾ ਕਰ ਸਕਿਆ। ਇਹ ਖੁਲਾਸਾ ਸਿੱਧੂ ਮੂਸੇਵਾਲਾ ਨਾਲ ਜ਼ਖਮੀ ਹੋਏ ਦੋ ਨੌਜਵਾਨਾਂ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਖੀਰਲੇ ਸਮੇਂ ਵੀ ਸਿੱਧੂ ਮੂਸੇਵਾਲਾ ਮੌਤ ਸਾਹਮਣੇ ਦੇਖ ਕੇ ਜ਼ਰਾ ਵੀ ਨਹੀਂ ਡਰਿਆ ਬਲਕਿ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਸਿੱਧੂ ਮੂਸੇਵਾਲਾ ਨਾਲ ਥਾਰ ਗੱਡੀ ’ਚ ਸਵਾਰ ਦੋ ਕਰੀਬੀ ਦੋਸਤਾਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਹਮਲਾਵਰਾਂ ਨੂੰ ਸਾਹਮਣੇ ਦੇਖ ਕੇ ਡਰਨ ਦੀ ਥਾਂ ਆਪਣੇ ਲਾਇਸੈਂਸੀ ਹਥਿਆਰ ’ਚੋਂ ਗੋਲੀਆਂ ਚਲਾਈਆਂ ਸਨ ਪਰ ਹਮਲਾਵਰ ਗਿਣਤੀ ’ਚ ਜ਼ਿਆਦਾ ਸਨ ਤੇ ਉਨ੍ਹਾਂ ਕੋਲ ਆਧੁਨਿਕ ਹਥਿਆਰ ਸਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਚਾਰੇ ਪਾਸਿਓਂ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜੋ ਸਿੱਧੂ ਮੂਸੇਵਾਲਾ ਦੇ ਸਰੀਰ ਨੂੰ ਛਲਣੀ ਕਰ ਗਈਆਂ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਹਮਲੇ ਮੌਕੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਕਰੀਬੀ ਦੋਸਤ ਗੁਰਪ੍ਰੀਤ ਸਿੰਘ ਉਸ ਨਾਲ ਅੱਗੇ ਵਾਲੀ ਸੀਟ ’ਤੇ ਜਦੋਂਕਿ ਗੁਰਵਿੰਦਰ ਸਿੰਘ ਪਿੱਛੇ ਬੈਠਾ ਸੀ। ਦੋਵਾਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਮਾਸੀ, ਜੋ ਬਰਨਾਲਾ ਦੇ ਪਿੰਡ ’ਚ ਰਹਿੰਦੀ ਹੈ, ਦਾ ਪਤਾ ਲੈਣ ਲਈ ਘਰੋਂ ਨਿਕਲੇ ਸਨ। ਗੱਡੀ ’ਚ 5 ਲੋਕਾਂ ਦੇ ਬੈਠਣ ਲਈ ਥਾਂ ਨਹੀਂ ਸੀ, ਜਿਸ ਕਰਕੇ ਗਾਇਕ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਨਹੀਂ ਬਿਠਾਇਆ ਤੇ ਦੂਸਰੀ ਗੱਡੀ ’ਚ ਆਉਣ ਲਈ ਆਖਿਆ। ਗੁਰਵਿੰਦਰ ਸਿੰਘ ਅਨੁਸਾਰ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪੁੱਜੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ’ਤੇ ਪਿੱਛੋਂ ਇੱਕ ਫਾਇਰ ਹੋਇਆ ਸੀ। ਇੱਕ ਗੱਡੀ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਈ ਸੀ। ਪਿੱਛੇ ਵਾਲਾ ਫਾਇਰ ਉਸ ਦੀ ਬਾਂਹ ’ਤੇ ਲੱਗਿਆ ਤੇ ਉਹ ਥੱਲੇ ਝੁਕ ਗਿਆ। ਇੱਕ ਨੌਜਵਾਨ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਗੱਡੀ ਦੇ ਸਾਹਮਣੇ ਆਇਆ ਤੇ ਉਸ ਨੇ ਕਈ ਫਾਇਰ ਕੀਤੇ। ਗੁਰਵਿੰਦਰ ਸਿੰਘ ਅਨੁਸਾਰ ਮੂਸੇਵਾਲਾ ਨੇ ਵੀ ਆਪਣੇ ਪਿਸਤੌਲ ਤੋਂ ਜਵਾਬੀ ਫਾਇਰ ਕੀਤੇ ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਗੰਨ ਹੋਣ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਜਾ ਰਿਹਾ ਸੀ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ 2 ਫਾਇਰ ਕੀਤੇ ਤਾ ਉਨ੍ਹਾਂ ’ਤੇ ਤਿੰਨ ਪਾਸਿਓਂ ਫਾਇਰਿੰਗ ਹੋਣ ਲੱਗੀ। ਗੁਰਵਿੰਦਰ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਨੂੰ ਦੋਵੇਂ ਪਾਸਿਓਂ ਘੇਰ ਲਿਆ ਗਿਆ ਸੀ। ਸਿੱਧੂ ਮੂਸੇਵਾਲਾ ਨੇ ਬਿਨਾਂ ਡਰੇ ਸ਼ੇਰਾਂ ਵਾਂਗ ਮੁਕਾਬਲਾ ਕੀਤਾ ਤੇ ਖੁਦ ਵੀ ਗੋਲੀਆਂ ਚਲਾਈਆਂ ਪਰ ਸਾਹਮਣਿਓਂ ਗੋਲੀਆਂ ਦੀ ਬੁਛਾੜ ਹੋਣ ਕਾਰਨ ਉਸ ਨੂੰ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।