ਬਾਲੀਵੁੱਡ ਅਭਿਨੇਤਾ ਸੋਨੂੰ ਸੂਦ, ਜੋ ਕਿ COVID -19 ਮਹਾਂਮਾਰੀ ਦੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਆਪਣੇ ਪਰਉਪਕਾਰੀ ਕੰਮਾਂ ਕਰਕੇ ਚਰਚਿਤ ਰਿਹਾ ਹੈ, ਹੁਣ ਇੱਕ 45 ਸਾਲਾ ਵਿਅਕਤੀ ਦੇ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਇਆ ਹੈ। ਕੁਝ ਸਮਾਂ ਪਹਿਲਾਂ ਜਦ ਉਤਰਾਖੰਡ ਗਲੇਸ਼ੀਅਰ ਫਟਿਆ ਤਾਂ ਇਸ ਵਿਅਕਤੀ ਦੀ ਆਪਦਾ 'ਚ ਮੌਤ ਹੋ ਗਈ ਸੀ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਤਰਾਖੰਡ ਦੀ ਚਮੋਲੀ ਵਿੱਚ ਇੱਕ ਗਲੇਸ਼ੀਅਰ ਫੱਟਣ ਨਾਲ ਜਾਨ ਅਤੇ ਜਾਇਦਾਦ ਨੂੰ ਵਿਆਪਕ ਨੁਕਸਾਨ ਹੋਇਆ ਸੀ। ਜਦਕਿ ਬਰਫੀਲੇ ਤੂਫਾਨ ਅਤੇ ਫਲੈਸ਼ ਹੜ੍ਹਾਂ ਨੇ ਕਈ ਲੋਕਾਂ ਦੀ ਜਾਨ ਲੈ ਲਈ। ਬਹੁਤ ਸਾਰੇ ਅਜੇ ਵੀ ਲਾਪਤਾ ਹਨ। ਮ੍ਰਿਤਕਾਂ 'ਚੋਂ ਇਕ 45 ਸਾਲਾ ਆਲਮ ਸਿੰਘ ਪੁੰਡੀਰ ਇੱਕ ਰਿਟਵਿਕ ਕੰਪਨੀ 'ਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਸੀ।
ਟਿਹਰੀ ਜ਼ਿਲ੍ਹੇ ਦੇ ਲੋਇਲ ਪਿੰਡ ਦਾ ਵਸਨੀਕ ਫਲੈਸ਼ ਹੜ੍ਹ ਦੌਰਾਨ ਇਕ ਸੁਰੰਗ 'ਚ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਰਿਵਾਰ 'ਚ ਉਸ ਦੀ ਪਤਨੀ ਅਤੇ 14, 11, 8 ਅਤੇ 2 ਸਾਲ ਦੀਆਂ ਚਾਰ ਧੀਆਂ ਹਨ। ਸੋਨੂੰ ਨੇ ਇਨ੍ਹਾਂ ਦੀ ਸਹਾਇਤਾ ਲਈ ਹੱਥ ਵਧਾਇਆ ਹੈ। ਉਸ ਦੀ ਟੀਮ ਪਰਿਵਾਰ ਤੱਕ ਪਹੁੰਚ ਗਈ ਹੈ ਅਤੇ ਅਭਿਨੇਤਾ ਨੇ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਰਿਵਾਰ ਨੂੰ ਅਪਣਾਉਣ ਅਤੇ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।
ਉਹ ਧੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਵਿਆਹ ਕਰਵਾਉਣ ਵਿੱਚ ਵੀ ਸਹਾਇਤਾ ਕਰਨਗੇ। ਇਸ ਬਾਰੇ ਬੋਲਦੇ ਹੋਏ ਸੋਨੂੰ ਨੇ ਕਿਹਾ, "ਕੁਦਰਤੀ ਬਿਪਤਾ ਕਾਰਨ ਪੀੜਤ ਪਰਿਵਾਰਾਂ ਲਈ ਅੱਗੇ ਆਉਣਾ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ।"