ਚੰਡੀਗੜ੍ਹ: ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਇੱਕ ਪਾਸੇ ਰਣਵੀਰ ਤੇ ਦੀਪਿਕਾ ਦੇ ਵਿਆਹ ਦੇ ਚਰਚੇ ਹਨ ਤੇ ਦੂਜੇ ਪਾਸੇ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਹਾਲੀਵੁੱਡ ਤਕ ਸ਼ਹਿਨਾਈ ਦੀ ਗੂੰਜ ਪਹੁੰਚਾਈ ਹੈ। ਇਸੇ ਦੌਰਾਨ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਵੀ ਜਲਦ ਵਿਆਹ ਦਾ ਜੋੜਾ ਪਾ ਸਕਦੀ ਹੈ। ਹਾਲ ਹੀ ਵਿੱਚ ਖ਼ਬਰ ਆਈ ਸੀ ਕਿ 42 ਸਾਲ ਦੀ ਇਹ ਅਦਾਕਾਰਾ ਜਲਦ ਹੀ ਆਪਣੇ 27 ਸਾਲਾ ਪ੍ਰੇਮੀ ਰੋਮਨ ਸ਼ਾਲ ਨਾਲ ਵਿਆਹ ਕਰਵਾ ਸਕਦੀ ਹੈ। ਹੁਣ ਸ਼ੁਸਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਇਸ ਕਿਆਸ ਦਾ ਜਵਾਬ ਦਿੱਤਾ ਹੈ।

ਦੋ ਬੱਚਿਆਂ ਦੀ ਸਿੰਗਲ ਮਾਂ ਸੁਸ਼ਮਿਤਾ ਅਕਸਰ ਆਪਣੀ ‘ਲਵ ਲਾਈਫ’ ਸਬੰਧੀ ਸੁਰਖ਼ੀਆਂ ਵਿੱਚ ਰਹਿੰਦੀ ਹੈ। ਉਹ ਅਜਿਹੀ ਅਦਾਕਾਰਾ ਹੈ ਜੋ ਉਮਰ ਵਧਣ ਨਾਲ ਹੋਰ ਖ਼ੂਬਸੂਰਤ ਹੁੰਦੀ ਜਾ ਰਹੀ ਹੈ। ਇੱਕ ਐਕਸਰਸਾਈਜ਼ ਵੀਡੀਓ ਸ਼ੇਅਰ ਕਰਕੇ ਉਸ ਨੇ ਲਿਖਿਆ ਕਿ ਜਿਸ ਵੇਲੇ ਦੁਨੀਆ ਕਿਆਸ ਲਾਉਂਦੀ ਹੈ, ਉਸ ਵੇਲੇ ਮੈਂ ਟਰੇਨ ਹੁੰਦੀ ਹਾਂ। ਉਸ ਨੇ ਸਪਸ਼ਟ ਕੀਤਾ ਕਿ ਇਹ ਸਭ ਚਰਚਾਵਾਂ ਬੇਕਾਰ ਹਨ। ਹਾਲੇ ਉਸ ਦਾ ਵਿਆਹ ਕਰਾਉਣ ਦਾ ਕੋਈ ਇਰਾਦਾ ਨਹੀਂ। ਅਜੇ ਜ਼ਿੰਦਗੀ ਦਾ ਰੋਮਾਂਚ ਚੱਲ ਰਿਹਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਸੁਸ਼ਮਿਤਾ ਤੇ ਰੋਮਨ ਪਿਛਲੇ ਸਾਲ ਗਾਲਾ ਦੇ ਇੱਕ ਫੈਸ਼ਨ ਸ਼ੋਅ ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਨੇ ਕਰੀਬ ਦੋ ਮਹੀਨਿਆਂ ਤਕ ਇੱਕ-ਦੂਜੇ ਡੇਟ ਕੀਤਾ। ਇਸੇ ਕਰਕੇ ਲੋਕ ਉਨ੍ਹਾਂ ਦੇ ਵਿਆਹ ਦੇ ਕਿਆਸ ਲਾ ਰਹੇ ਸਨ। ਹੁਣ ਸੁਸ਼ਮਿਤਾ ਨੇ ਆਪਣੇ ਬਿਆਨ ਨਾਲ ਲੋਕਾਂ ਦੀਆਂ ਕਿਆਸਅਰਾਈਆਂ ’ਤੇ ਵਿਰਾਮ ਲਾ ਦਿੱਤਾ ਹੈ।