Swara Bhasker On Kangana Ranaut: ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਇੱਕ ਮਹਿਲਾ CISF ਗਾਰਡ ਨੇ ਥੱਪੜ ਜੜ੍ਹ ਦਿੱਤਾ। ਇਸ ਥੱਪੜ ਦੀ ਗੂੰਜ ਦੇਸ਼-ਵਿਦੇਸ਼ ਤੱਕ ਪਹੁੰਚ ਗਈ। ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੇ ਥੱਪੜ ਪੈਣ 'ਤੇ ਖੁਸ਼ੀ ਮਨਾਈ ਤੇ ਕਈਆਂ ਨੇ ਇਸ ਨੂੰ ਗਲਤ ਕਰਾਰ ਦਿੱਤਾ। ਇਸ ਥੱਪੜ ਕਾਂਡ ਨੇ ਲੋਕਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਹੁਣ ਇਸ ਮਾਮਲੇ 'ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 


ਦਰਅਸਲ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਘਟਨਾ ਅਜੇ ਵੀ ਸੁਰਖੀਆਂ ਵਿੱਚ ਹੈ। ਹੁਣ ਤੱਕ ਕਈ ਬਾਲੀਵੁੱਡ ਸਿਤਾਰਿਆਂ ਨੇ ਇਸ ਮਾਮਲੇ 'ਤੇ ਇਤਰਾਜ਼ ਜਤਾਇਆ ਹੈ। ਹੁਣ ਕਨੈਕਟ ਸਿਨੇ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਸੀ ਪਰ ਦੇਸ਼ ਵਿੱਚ ਹੋਰ ਮੁੱਦੇ ਵੀ ਹਨ ਜਿਨ੍ਹਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ।


ਸਵਰਾ ਭਾਸਕਰ ਨੇ ਕਿਹਾ, 'ਕੋਈ ਵੀ ਸਮਝਦਾਰ ਵਿਅਕਤੀ ਕੰਗਨਾ ਨੂੰ ਥੱਪੜ ਮਾਰਨ ਨੂੰ ਸਹੀ ਨਹੀਂ ਕਹੇਗਾ। ਇਸ ਲਈ ਹਾਂ, ਉਸ ਨਾਲ ਜੋ ਵੀ ਹੋਇਆ, ਉਹ ਗਲਤ ਸੀ ਤੇ ਨਹੀਂ ਹੋਣਾ ਚਾਹੀਦਾ ਸੀ। ਕਿਸੇ 'ਤੇ ਹਮਲਾ ਕਰਨਾ ਠੀਕ ਨਹੀਂ ਪਰ ਦੇਸ਼ ਵਿੱਚ ਹੋਰ ਵੀ ਅਹਿਮ ਮੁੱਦੇ ਹਨ, ਜਿਨ੍ਹਾਂ ਨੂੰ ਘੋਖਣ ਦਾ ਹੁਣ ਸਮਾਂ ਆ ਗਿਆ ਹੈ।


ਸਵਰਾ ਭਾਸਕਰ ਨੇ ਅੱਗੇ ਕਿਹਾ, 'ਕੰਗਨਾ ਨੂੰ ਥੱਪੜ ਮਾਰਿਆ ਗਿਆ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਘੱਟੋ-ਘੱਟ ਉਹ ਜ਼ਿੰਦਾ ਹੈ ਤੇ ਉਸ ਦੀ ਸਕਿਊਰਟੀ ਉਸ ਦੇ ਕੋਲ ਹੈ। ਇਸ ਦੇਸ਼ ਵਿੱਚ ਤਾਂ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ। ਰੇਲ ਗੱਡੀ ਵਿੱਚ ਸੁਰੱਖਿਆ ਕਰਮਚਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ। ਸੁਰੱਖਿਆ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਕੁੱਟਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਹੜੇ ਲੋਕ ਅਜਿਹੇ ਮਾਮਲਿਆਂ ਨੂੰ ਜਾਇਜ਼ ਠਹਿਰਾਉਂਦੇ ਹਨ, ਉਹ ਕੰਗਨਾ ਦੇ ਥੱਪੜ ਮਾਮਲੇ 'ਤੇ ਇਤਰਾਜ਼ ਨਹੀਂ ਉਠਾ ਸਕਦੇ।


ਦੱਸ ਦਈਏ ਕਿ ਸਵਰਾ ਭਾਸਕਰ ਨੇ ਕੰਗਨਾ ਰਣੌਤ ਨਾਲ 'ਤਨੂ ਵੈਡਸ ਮਨੂ' ਤੇ 'ਤਨੂ ਵੈਡਸ ਮਨੂ ਰਿਟਰਨਸ' ਫਿਲਮਾਂ 'ਚ ਕੰਮ ਕੀਤਾ ਹੈ। ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਰਾਜਨੀਤੀ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਸਰਗਰਮ ਹੈ। ਹੁਣ ਉਨ੍ਹਾਂ ਦੀ ਅਗਲੀ ਫਿਲਮ ਐਮਰਜੈਂਸੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ 'ਚ ਅਭਿਨੇਤਰੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ਹੋਰ ਵੀ ਕਈ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ।