ਚੰਡੀਗੜ੍ਹ: ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਅੱਜਕੱਲ੍ਹ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਹੋਈ ਹੈ। ਕੁਝ ਸਮਾਂ ਪਹਿਲਾਂ ਮੁਨਮੁਨ ਦਾ ਵੀਡਿਓ ਵਾਇਰਲ ਹੋਇਆ ਸੀ ਜਿਸ 'ਚ ਮੁਨਮੁਨ ਨੇ ਖਾਸ ਭਾਈਚਾਰੇ ਬਾਰੇ ਕਾਮੈਂਟ ਕੀਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੀ ਸਖਤ ਨਿੰਦਾ ਕੀਤੀ।
ਇਸ ਦੇ ਨਾਲ ਹੀ ਇਹ ਮਾਮਲਾ ਇੰਨਾ ਵਧ ਗਿਆ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ ਮੁਨਮੁਨ ਦੀ ਗ੍ਰਿਫਤਾਰੀ ਦੀ ਲਗਾਤਾਰ ਮੰਗ ਕਰ ਰਹੇ ਹਨ। ਦਲਿਤ ਵੀ ਇਸ ਬਾਰੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ, ਆਪਣੀ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਮੁਨਮੂਨ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਪਰ ਲੋਕਾਂ ਨੂੰ ਇਸ ਮਾਫੀ ਨਾਲ ਕੋਈ ਫਰਕ ਨਹੀਂ ਪਿਆ।
ਇਸ ਕੇਸ ਵਿੱਚ, ਮੁਨਮੁਨ ਦੱਤਾ ਖਿਲਾਫ ਮੰਗਲਵਾਰ ਨੂੰ ਇੰਦੌਰ ਵਿੱਚ SC/ST ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਦਲਿਤ ਆਗੂ ਮਨੋਜ ਪਰਮਾਰ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਭੰਵਰ ਸਿੰਘ ਸਿਸੋਦੀਆ ਨੇ ਦੱਸਿਆ ਕਿ SC/ST ਐਕਟ ਅਨੁਸਾਰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਕਿਆਸ ਲਾਏ ਜਾ ਰਹੇ ਹਨ ਕਿ ਇਸ ਐਫਆਈਆਰ ਤੋਂ ਬਾਅਦ ਮੁਨਮੁਨ ਦੱਤਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮੁਨਮੁਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਦਾ ਅਪਮਾਨ ਨਹੀਂ ਕਰ ਰਹੀ ਸੀ। ਲੋਕਾਂ ਨੇ ਉਸ ਦੇ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਹੈ।