ਚੰਡੀਗੜ੍ਹ: ਇੱਕ ਪਾਸੇ ਜਿੱਥੇ ਕਸ਼ਮੀਰੀ ਪੰਡਤਾਂ ਦੇ ਪਲਾਇਨ 'ਤੇ ਬਣੀ ਫਿਲਮ 'ਦ ਕਸ਼ਮੀਰ ਫਾਈਲਜ਼' ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਉੱਥੇ ਹੀ ਦੂਜੇ ਪਾਸੇ ਕਈ ਸੂਬਿਆਂ 'ਚ ਇਸ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਫਿਲਮ ਨੂੰ ਅੱਠ ਰਾਜਾਂ ਵਿੱਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਹੁਣ ਚੰਡੀਗੜ੍ਹ ਵਿੱਚ ਵੀ ਇਸ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਯੂਟੀ ਪ੍ਰਸ਼ਾਸਕ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਅੱਜ ਯਾਨੀ ਸੋਮਵਾਰ ਤੋਂ ਚੰਡੀਗੜ੍ਹ ਦੇ ਲੋਕ ਟੈਕਸ ਮੁਕਤ ਫਿਲਮ ਦੇਖ ਸਕਣਗੇ।



ਦਰਅਸਲ, ਚੰਡੀਗੜ੍ਹ ਵਿੱਚ 'ਦ ਕਸ਼ਮੀਰ ਫਾਈਲਜ਼ ਨੂੰ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ, ਪ੍ਰਸ਼ਾਸਕ ਦੇ ਹੁਕਮਾਂ ਤੋਂ ਬਾਅਦ, ਯੂਟੀ ਦੇ ਆਬਕਾਰੀ ਤੇ ਕਰ ਵਿਭਾਗ ਨੇ ਇਸ ਫਿਲਮ 'ਤੇ ਲਗਾਏ ਗਏ ਯੂਟੀਜੀਐਸਟੀ ਨੂੰ ਮੁਆਫ ਕਰ ਦਿੱਤਾ ਹੈ। ਜਾਰੀ ਹਦਾਇਤਾਂ ਅਨੁਸਾਰ ਸਿਨੇਮਾਘਰਾਂ ਤੇ ਮਲਟੀਪਲੈਕਸਾਂ ਵਿੱਚ ਲੋਕਾਂ ਤੋਂ UTGST ਨਹੀਂ ਵਸੂਲੇ ਜਾਣਗੇ। ਇਹ ਹਦਾਇਤਾਂ ਚਾਰ ਮਹੀਨਿਆਂ ਲਈ ਲਾਗੂ ਰਹਿਣਗੀਆਂ।







ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਦੇ ਖਿਲਾਫ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ, ਜਦਕਿ ਕਈ ਸੂਬਿਆਂ 'ਚ ਟੈਕਸ ਮੁਕਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਈ ਨੇਤਾਵਾਂ ਦਾ ਮੰਨਣਾ ਹੈ ਕਿ ਇਹ ਫਿਲਮ ਫਿਰਕੂ ਤਣਾਅ ਵਧਾ ਸਕਦੀ ਹੈ, ਇਸ ਲਈ ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਫਿਲਮ ਦੀ ਤਾਰੀਫ ਕਰਦੇ ਹੋਏ ਇਸ ਨੂੰ ਦੇਖਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਫਿਲਮ ਨੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਇਨ੍ਹਾਂ ਰਾਜਾਂ ਵਿੱਚ ਵੀ ਫਿਲਮ ਹੋਈ ਟੈਕਸ ਮੁਕਤ -
ਚੰਡੀਗੜ੍ਹ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਦੇ ਕੂਚ 'ਤੇ ਬਣੀ ਇਸ ਫਿਲਮ ਨੂੰ 8 ਸੂਬਿਆਂ 'ਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਇਸ ਨੂੰ ਟੈਕਸ ਮੁਕਤ ਕੀਤਾ। ਇਸ ਤੋਂ ਬਾਅਦ ਫਿਲਮ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੋਆ ਤੇ ਤ੍ਰਿਪੁਰਾ 'ਚ ਵੀ ਫਿਲਮ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ ਹੈ।