ਚੰਡੀਗੜ੍ਹ: ਐਤਵਾਰ ਨੂੰ ਗੋਲੀਆਂ ਮਾਰ ਕਤਲ ਕੀਤੇ ਗਏ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਕੁੱਝ ਹੀ ਪਲਾਂ 'ਚ ਅੰਤਿਮ ਸੰਸਕਾਰ ਹੋਏਗਾ। ਸਿੱਧੂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਦਿਲ ਦੇ ਕਰੀਬ ਉਨ੍ਹਾਂ ਦੇ ਟਰੈਕਟਰ 5911 'ਤੇ ਹੋਏਗੀ। ਪਰਿਵਾਰ ਨੇ ਸਿੱਧੂ ਦੇ 5911 ਟਰੈਕਟਰ ਨੂੰ ਆਖਰੀ ਯਾਤਰਾ ਲਈ ਤਿਆਰ ਕੀਤਾ ਹੈ। ਅੱਜ ਦੁਪਹਿਰ 12 ਵਜੇ ਦੇ ਕਰੀਬ ਸਿੱਧੂ ਦਾ ਸਸਕਾਰ ਕਰ ਦਿੱਤਾ ਜਾਏਗਾ। ਸਿੱਧੂ ਮੂਸੇਵਾਲਾ ਦੇ ਫੈਨਸ ਪੰਜਾਬ ਭਰ ਵਿੱਚੋਂ ਉਸ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸਿੱਧੂ ਦੇ ਜੱਦੀ ਪਿੰਡ ਮੂਸਾ 'ਚ ਉਸਦੇ ਪ੍ਰਸ਼ੰਸਕਾਂ ਦਾ ਹੜ੍ਹ ਹੈ। ਉਸ ਨੂੰ ਅੰਦਮ ਵਿਦਾਈ ਦੇਣ ਆਏ ਹਰ ਫੈਨ ਦੀਆਂ ਅੱਖਾਂ ਨਮ ਹਨ।



ਉਧਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਤੇਜ਼, ਹੁਣ ਤੱਕ 8-10 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਇਸ ਮਾਮਲੇ ਨਾਲ ਸਬੰਧਤ ਇੱਕ ਹੋਰ ਕਾਰ ਪੰਜਾਬ ਦੇ ਮੋਗਾ ਤੋਂ ਬਰਾਮਦ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦਾ ਭੇਤ ਸੁਲਝਾਉਣ ਵਿੱਚ ਲੱਗੀ ਐਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਤਿੰਨ ਰਾਜਾਂ ਦੀ ਪੁਲਿਸ ਅਲਰਟ 'ਤੇ ਹੈ ਅਤੇ ਪੰਜਾਬ, ਦਿੱਲੀ ਅਤੇ ਉਤਰਾਖੰਡ ਦੀ ਪੁਲਿਸ ਨੂੰ ਵੀ ਇਸ ਕਤਲ ਨਾਲ ਜੁੜੇ ਕਈ ਅਹਿਮ ਸਬੂਤ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ।

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ ਹੈ। ਪੁਲੀਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾਵਰ ਸਿੱਧੂ 'ਤੇ ਫਾਇਰਿੰਗ ਕਰ ਰਹੇ ਸਨ ਤਾਂ ਸਿੱਧੂ ਨੇ ਵੀ ਆਪਣੇ ਬਚਾਅ 'ਚ ਫਾਇਰਿੰਗ ਕੀਤੀ। ਪੁਲਿਸ ਨੇ ਥਾਰ ਤੋਂ ਬਰਾਮਦ ਪਿਸਤੌਲ ਬਰਾਮਦ ਕਰ ਲਿਆ ਹੈ। ਪਿਸਤੌਲ ਵਿੱਚੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ, ਇਹ ਹਾਲੇ ਜਾਂਚ ਦਾ ਵਿਸ਼ਾ ਹੈ।

ਤਿੰਨ ਟਾਇਰਾਂ 'ਤੇ ਗੋਲੀਆਂ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਹਮਲਾਵਰਾਂ ਦੀ ਬੋਲੈਰੋ ਕਾਰ ਅਤੇ ਸਿੱਧੂ ਮੂਸੇਵਾਲਾ ਦੀ ਨੁਕਸਾਨੀ ਗਈ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ। ਪਤਾ ਲੱਗਾ ਹੈ ਕਿ 3 ਗੱਡੀਆਂ ਨੇ ਸਿੱਧੂ ਦੀ ਕਾਰ ਨੂੰ ਘੇਰ ਲਿਆ ਸੀ। ਕਾਰ ਨੂੰ ਘੇਰ ਕੇ ਮੁਲਜ਼ਮਾਂ ਨੇ ਪਹਿਲਾਂ ਕਾਰ ਦੇ ਪਿੱਛੇ ਤੋਂ ਫਾਇਰਿੰਗ ਕੀਤੀ। ਹਮਲਾਵਰਾਂ ਨੇ ਟਾਇਰਾਂ 'ਤੇ ਗੋਲੀਆਂ ਚਲਾ ਦਿੱਤੀਆਂ। ਥਾਰ ਦੇ ਤਿੰਨ ਟਾਇਰਾਂ ਨੂੰ ਗੋਲੀਆਂ ਲੱਗੀਆਂ, ਜਿਸ ਕਾਰਨ ਟਾਇਰ ਫਟ ਗਏ।