Iran Hijab Controversy : ਈਰਾਨ ਵਿੱਚ ਹਿਜਾਬ ਨੂੰ ਲੈ ਕੇ ਵਿਰੋਧ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਹਿਜਾਬ ਦੇ ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਸਿਰਫ਼ ਇੱਕ ਤਬਕਾ ਹੀ ਸਮਰਥਨ ਕਰ ਰਿਹਾ ਹੈ, ਜਦਕਿ ਦੂਜਾ ਧੜਾ ਇਨ੍ਹਾਂ ਦੇ ਖ਼ਿਲਾਫ਼ ਖੜ੍ਹਾ ਹੈ। ਇਸ ਦੌਰਾਨ ਤੁਰਕੀ ਦੀ ਮਸ਼ਹੂਰ ਗਾਇਕ ਮੇਲੇਕ ਮੋਸੋ (Melek Mosso) ਨੇ ਈਰਾਨ 'ਚ ਹਿਜਾਬ ਵਿਰੋਧੀ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਵੱਡਾ ਕਦਮ ਚੁੱਕਿਆ ਹੈ। ਮੇਲੇਕ ਮੋਸੋ ਨੇ ਲਾਈਵ ਸੰਗੀਤ ਪ੍ਰੋਗਰਾਮ ਦੌਰਾਨ ਸਟੇਜ 'ਤੇ ਆਪਣੇ ਵਾਲ ਕੱਟੇ ਹਨ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹਿਜਾਬ ਵਿਰੋਧ ਪ੍ਰਦਰਸ਼ਨ ਦੌਰਾਨ ਤੁਰਕੀ ਗਾਇਕਾ ਨੇ ਸਟੇਜ 'ਤੇ ਕੱਟੇ ਆਪਣੇ ਵਾਲ
ਏਬੀਪੀ ਨਿਊਜ਼ ਨੇ ਵੀਰਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਸਾਡੇ ਇਸ ਵੀਡੀਓ ਵਿੱਚ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਸ਼ਹੂਰ ਤੁਰਕੀ ਪੌਪ ਗਾਇਕ ਮੇਲੇਕ ਮੋਸੋ ਆਪਣੇ ਵਾਲ ਕੱਟ ਰਹੇ ਹਨ। ਲਾਈਵ ਮਿਊਜ਼ਿਕ ਕੰਸਰਟ ਦੌਰਾਨ ਮੋਸੋ ਦੇ ਇਸ ਤਰ੍ਹਾਂ ਵਾਲ ਕਟਵਾ ਕੇ ਈਰਾਨ 'ਚ ਹਿਜਾਬ ਦੇ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਹੱਕ 'ਚ ਆਪਣੀ ਭਾਗੀਦਾਰੀ ਦਿੱਤੀ ਹੈ। ਮੇਲੇਕ ਮੋਸੋ ਨੇ ਸਭ ਦੇ ਸਾਹਮਣੇ ਅਜਿਹਾ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀਂ ਵੀਡੀਓ ਦੇ ਬੈਕਗ੍ਰਾਉਂਡ ਵਿੱਚ ਆਸਾਨੀ ਨਾਲ ਰੌਲਾ ਸੁਣ ਸਕਦੇ ਹੋ, ਜੋ ਮੋਸੋ ਨੂੰ ਇਹ ਕਦਮ ਚੁੱਕਣ ਲਈ ਸਮਰਥਨ ਕਰ ਰਿਹਾ ਹੈ। ਦੱਸਣਯੋਗ ਹੈ ਕਿ ਈਰਾਨ ਵਾਂਗ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਹਿਜਾਬ ਦੇ ਵਿਰੋਧ 'ਚ ਲੋਕ ਸੜਕਾਂ 'ਤੇ ਉਤਰ ਆਏ ਹਨ। ਇਨ੍ਹਾਂ ਦੇਸ਼ਾਂ ਵਿੱਚ ਲੰਡਨ, ਫਰਾਂਸ, ਸੀਰੀਆ, ਅਮਰੀਕਾ, ਕੈਨੇਡਾ, ਇਟਲੀ ਅਤੇ ਸਪੇਨ ਸ਼ਾਮਲ ਹਨ।
ਕਿਉਂ ਹੋ ਰਿਹਾ ਹੈ ਈਰਾਨ 'ਚ ਹਿਜਾਬ ਖਿਲਾਫ਼ ਵਿਰੋਧ ?
13 ਸਤੰਬਰ ਨੂੰ 22 ਸਾਲਾ ਮਾਹਸਾ ਅਮੀਨੀ ਨੂੰ ਈਰਾਨੀ ਪੁਲਿਸ ਨੇ ਇਸ ਲਈ ਗ੍ਰਿਫਤਾਰ ਕਰ ਲਿਆ ਕਿਉਂਕਿ ਉਸ ਨੇ ਹਿਜਾਬ ਨਹੀਂ ਪਾਇਆ ਹੋਇਆ ਸੀ। ਜਿਸ ਕਾਰਨ ਮਹਸਾ ਅਮੀਨੀ ਦੀ ਮੌਤ ਹੋ ਗਈ। ਅਜਿਹੇ 'ਚ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਦੀਆਂ ਔਰਤਾਂ ਨੇ ਹਿਜਾਬ ਦੇ ਖਿਲਾਫ ਹੱਲਾ ਬੋਲਿਆ ਅਤੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਖਬਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ 'ਚ ਹੁਣ ਤੱਕ 76 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।