ਮੁੰਬਈ: 1987 'ਚ ਦੂਰਦਰਸ਼ਨ ਤੇ ਪ੍ਰਸਾਰਿਤ ਹੋਏ ਰਾਮਾਨੰਦ ਸਾਗਰ ਦੇ ਬੇਹੱਦ ਮਸ਼ਹੂਰ ਸੀਰੀਅਲ ਰਾਮਾਇਣ 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਗ ਤ੍ਰਿਵੇਦੀ ਦਾ ਮੰਗਲਵਾਰ ਰਾਤ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਉਮਰ ਸਬੰਧੀ ਤਮਾਮ ਬਿਮਾਰੀਆਂ ਨਾਲ ਜੂਝ ਰਹੇ ਸਨ। ਇਸ ਕਾਰਨ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਗਏ ਸਨ।


ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸੁੰਭ ਤ੍ਰਿਵੇਦੀ ਨੇ ਆਪਣੇ ਚਾਚਾ ਦੀ ਮੌਤ ਦੀ ਪੁਸ਼ਟੀ ਕੀਤੀ ਤੇ ਕਿਹਾ ਪਿਛਲੇ ਕੁਝ ਸਾਲਾਂ ਤੋਂ ਉਹ ਲਗਾਤਾਰ ਬਿਮਾਰ ਚੱਲ ਰਹੇ ਸਨ। ਪਿਛਲੇ ਤਿੰਨ ਸਾਲ ਤੋਂ ਉਨ੍ਹਾਂ ਦੀ ਸਿਹਤ ਕੁਝ ਜ਼ਿਆਦਾ ਹੀ ਖ਼ਰਾਬ ਰਹਿਣ ਲੱਗੀ ਸੀ। ਅਜਿਹੇ 'ਚ ਉਨ੍ਹਾਂ ਨੂੰ ਦੋ-ਤਿੰਨ ਵਾਰ ਹਸਪਤਾਲ 'ਚ ਵੀ ਦਾਖ਼ਲ ਕਰਾਉਣਾ ਪਿਆ ਸੀ। ਇਕ ਮਹੀਨਾ ਪਹਿਲਾਂ ਹੀ ਉਹ ਹਸਪਤਾਲ ਤੋਂ ਇਕ ਵਾਰ ਫਿਰ ਘਰ ਪਰਤੇ ਸਨ। ਮੰਗਲਵਾਰ ਦੀ ਰਾਤ 9-9:30 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੇ ਕੰਦਾਵਿਲੀ ਸਥਿਤ ਆਪਣੇ ਘਰ 'ਚ ਹੀ ਆਖਰੀ ਸਾਹ ਲਏ।ਉਨ੍ਹਾਂ ਦਾ ਅੰਤਿਮ ਸਸਕਾਰ ਬੁੱਧਵਾਰ ਸਵੇਰ 8 ਵਜੇ ਕਾਂਦਿਵਲੀ ਦੇ ਡਹਾਣੂਕਰ ਵਾੜੀ ਸ਼ਮਸ਼ਾਨ ਘਰ ਕੀਤਾ ਜਾਵੇਗਾ।


ਅਰਵਿੰਦ ਤ੍ਰਿਵੇਦੀ ਦਾ ਕਰੀਅਰ


ਸ਼ੁਰੂਆਤੀ ਦੌਰ 'ਚ ਸੀਰੀਅਲ ਰਮਾਇਣ 'ਚ ਕੰਮ ਕਰਦੇ ਸਮੇਂ ਅਰਵਿੰਦ ਤ੍ਰਿਵੇਦੀ ਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਸੀਰੀਅਲ ਤੇ ਉਨ੍ਹਾਂ ਦੇ ਕਿਰਦਾਰ ਦੀ ਲੋਕਪ੍ਰਿਯਤਾ ਦੇ ਚੱਲਦਿਆਂ ਲੋਕ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਇਸ ਕਦਰ ਨਫ਼ਰਤ ਕਰਨਗੇ ਜਿਵੇਂ ਉਹ ਸਚਮੁੱਚ ਦੇ ਰਾਵਣ ਤੇ ਅਸਲ ਜ਼ਿੰਗਦੀ 'ਚ ਵਿਲੇਨ ਹੋਣ। ਰਮਾਇਣ 'ਚ ਕੰਮ ਕਰਨ ਤੋਂ ਪਹਿਲਾਂ ਗੁਜਰਾਤੀ 'ਚ ਸੈਂਕੜੇ ਨਾਟਕਾਂ ਤੇ ਫ਼ਿਲਮਾ 'ਚ ਕੰਮ ਕਰ ਚੁੱਕੇ ਅਰਵਿੰਦ ਤ੍ਰਿਵੇਦੀ ਨੂੰ ਇਹ ਪਤਾ ਨਹੀਂਸੀ ਕਿ ਰਮਾਇਣ 'ਚ ਰੋਲ ਨਿਭਾਉਣ ਨਾਲ ਉਨ੍ਹਾਂ ਦੀ ਮਸ਼ਹੂਰੀ ਸਿਖਰ ਤੇ ਪਹੁੰਚ ਜਾਵੇਗੀ ਤੇ ਉਨ੍ਹਾਂ ਦੀ ਪਛਾਣ ਗੁਜਰਾਤੀ ਅਦਾਕਾਰ ਤੋਂ ਦੇਸ਼-ਵਿਆਪੀ ਪੱਧਰ 'ਤੇ ਬਣ ਜਾਵੇਗੀ।


ਰਮਾਇਣ ਤੋਂ ਬਾਅਦ ਅਰਵਿੰਦ ਤ੍ਰਿਵੇਦੀ ਨੇ ਵਿਕਰਮ ਤੇ ਬੇਤਾਲ ਤੋਂ ਇਲਾਵਾ ਕਈ ਹੋਰ ਹਿੰਦੀ ਸੀਰੀਅਲਸ ਤੇ ਫ਼ਿਲਮਾਂ 'ਚ ਵੀ ਕੰਮ ਕੀਤਾ। ਪਰ ਅੱਜ ਵੀ ਉਨ੍ਹਾਂ ਨੂੰ ਰਾਮਾਨੰਦ ਸਾਗਰ ਦੀ ਰਮਾਇਣ 'ਚ ਪੁਰਅਸਰ ਅੰਦਾਜ਼ 'ਚ ਨਿਭਾਏ ਆਪਣੇ ਰਾਵਣ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਉਨ੍ਹਾਂ 300 ਤੋਂ ਵੀ ਜ਼ਿਆਦਾ ਗੁਜਰਾਤੀ ਤੇ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਤੇ ਅਨੇਕਾਂ ਗੁਜਰਾਤੀ ਨਾਟਕਾਂ 'ਚ ਜ਼ਬਰਦਸਤ ਅਦਾਕਾਰੀ ਦੀ ਛਾਪ ਛੱਡੀ।


ਰਮਾਇਣ 'ਚ ਰਾਵਣ ਦੇ ਕਿਰਦਾਰ ਦੀ ਕਾਮਯਾਬੀ ਮਗਰੋਂ ਅਰਵਿੰਦ ਤ੍ਰਿਵੇਦੀ ਨੂੰ ਬੀਜੇਪੀ ਨੇ ਲੋਕਸਭਾ ਚੋਣਾਂ ਦਾ ਟਿਕਟ ਵੀ ਦਿੱਤਾ ਸੀ। ਉਨ੍ਹਾਂ ਨਾ ਸਿਰਫ਼ ਗੁਜਰਾਤ ਦੇ ਸਾਬਰਕਾਂਠਾ ਤੋਂ ਬੀਜੇਪੀ ਦੀ ਟਿਕਟ 'ਤੇ ਚੋਣ ਲੜੀ, ਬਲਕਿ ਰਾਵਣ ਦੇ ਕਿਰਦਾਰ ਦੀ ਸਫ਼ਲਤਾ ਤਹਿਤ ਚੋਣ ਵੀ ਜਿੱਤੀ। ਉਹ 1991 ਤੋਂ 1996 ਤਕ ਲੋਕਸਭਾ ਦੇ ਸੰਸਦ ਮੈਂਬਰ ਰਹੇ। ਅਰਵਿੰਦ ਤ੍ਰਿਵੇਦੀ ਦੇ ਭਰਾ ਉਪੇਂਦਰ ਵੀ ਗੁਜਰਾਤੀ ਰੰਗਮੰਚ ਤੇ ਸਿਨੇਮਾ ਦੇ ਜਾਣੇ-ਮਾਣੇ ਅਦਾਕਾਰ ਸਨ।