ਮੁੰਬਈ: ਬੀਤੇ ਦਿਨੀਂ ਹੀ ਖ਼ਬਰ ਆਈ ਸੀ ਕਿ ਮੀਕਾ ਸਿੰਘ ਨੂੰ ਦੁਬਈ `ਚ ਹਿਰਾਸਤ `ਚ ਲੈ ਲਿਆ ਗਿਆ ਹੈ। ਉਸ `ਤੇ ਇੱਕ 17 ਸਾਲਾ ਨਾਬਾਲਗ ਬ੍ਰਾਜੀਲੀਅਨ ਮਾਡਲ ਨੇ ਯੋਣ ਸੋਸ਼ਣ ਦੇ ਇਲਜ਼ਾਮ ਲਾਏ ਸੀ। ਮਾਡਲ ਦਾ ਕਹਿਣਾ ਹੈ ਕਿ ਮੀਕਾ ਨੇ ਉਸ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ ਹਨ, ਜਿਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕੀਤੀ। ਦੁਬਈ ਪੁਲਿਸ ਨੇ ਮੀਕਾ ਨੂੰ ਹਿਰਾਸਤ `ਚ ਲੈ ਲਿਆ ਸੀ। ਅੱਜ ਸਵੇਰੇ ਫੇਰ ਖ਼ਬਰ ਆਈ ਕਿ ਮੀਕਾ ਸਿੰਘ ਨੂੰ ਕਾਫੀ ਜਦੋ-ਜ਼ਹਿਦ ਤੋਂ ਬਾਅਦ ਰਿਹਾਈ ਤਾਂ ਮਿਲ ਗਈ ਸੀ ਪਰ ਉਸ ਨੂੰ ਕੋਰਟ `ਚ ਪੇਸ਼ ਹੋਣ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ ਮੀਕਾ ਦੀਆਂ ਮੁਸੀਬਤਾਂ ਇੱਥੇ ਹੀ ਖ਼ਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਮੀਕਾ ਸਿੰਘ ਦੀ ਕੋਰਟ `ਚ ਪੇਸ਼ੀ ਤੋਂ ਬਾਅਦ ਉਸ ਨੂੰ ਕੋਰਟ ਨੇ ਫੇਰ ਤੋਂ ਜੇਲ੍ਹ ਭੇਜ ਦਿੱਤਾ ਹੈ। ਹੁਣ ਮੀਕਾ ਸਿੰਘ ਨੂੰ ਹੋਰ ਕਿੰਨੇ ਦਿਨ ਜੇਲ੍ਹ `ਚ ਕੱਟਣੇ ਪੈਣਗੇ ਇਸ ਬਾਰੇ ਵੀ ਕੋਈ ਖ਼ੁਲਾਸਾ ਨਹੀਂ ਹੋਇਆ, ਪਰ ਉਸ ਤੋਂ ਅਜੇ ਪੁੱਛਗਿਛ ਹੋਣੀ ਹੈ।
ਮੀਕਾ ਦੁਬਈ ਇੱਕ ਐਵਾਰਡ ਸ਼ੋਅ `ਚ ਪ੍ਰਫੋਰਮੈਂਸ ਲਈ ਗਿਆ ਸੀ। ਇਹ ਪਹਿਲੀ ਵਾਰ ਨਹੀਂ ਜਦੋਂ ਮੀਕਾ ਕਿਸੇ ਵਿਵਾਦ `ਚ ਘਿਰਿਆ ਹੋਵੇ। ਇਸ ਤੋਂ ਪਹਿਲਾਂ ਵੀ ਮੀਕਾ ਕਈ ਵਾਰ ਵਿਵਾਦਾਂ ਕਰਕੇ ਸੁਰਖੀਆਂ `ਚ ਆ ਚੁੱਕਿਆ ਹੈ। ਇਸ `ਚ ਸਭ ਤੋਂ ਜ਼ਿਆਦਾ ਚਰਚਾ ਰਾਖੀ ਨੂੰ ਜ਼ਬਰਦਸਤੀ ਕਿੱਸ ਕਰਨ `ਤੇ ਹੋਈ ਸੀ।