ਚੰਡੀਗੜ੍ਹ: ਪੰਜਾਬ ਵਿੱਚ 13,276 ਗਰਾਮ ਪੰਚਾਇਤਾਂ ਦੀ ਚੋਣ ਲਈ 30 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਚੋਣਾਂ ਦਾ ਐਲਾਨ ਹੁੰਦੇ ਹੀ ਪਿੰਡਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਅਸੀਂ ਦੱਸ ਰਹੇ ਹਾਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਪੂਰੀ ਰੂਪ ਰੇਖਾ ਤੇ ਵੇਰਵਾ।
83,831 ਪੰਚਾਂ ਦੀ ਹੋਏਗੀ ਚੋਣ
ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਚੋਣਾਂ ਵਿੱਚ 1.27 ਕਰੋੜ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ। 13,276 ਪੰਚਾਇਤਾਂ ਲਈ 83,831 ਪੰਚਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਅਨੁਸੂਚਿਤ ਜਾਤੀ ਲਈ 17,811, ਅਨਸੂਚਿਤ ਜਾਤੀ ਇਸਤਰੀ ਲਈ 12,634, ਆਮ ਵਰਗ ਇਸਤਰੀਆਂ ਲਈ 22,690, ਪੱਛੜੀਆਂ ਸ਼੍ਰੇਣੀਆਂ ਲਈ 4,381 ਤੇ ਆਮ ਵਰਗ ਲਈ 26,315 ਸੀਟਾਂ ਹਨ।
ਵੋਟਰਾਂ ਦੀ ਗਿਣਤੀ
ਸਰਕਾਰੀ ਰਿਕਾਰਡ ਮੁਤਾਬਕ ਪੰਚਾਇਤ ਚੋਣਾਂ ਲਈ ਰਾਜ ਵਿੱਚ ਕੁੱਲ 1,27,87,395 ਵੋਟਰਾਂ ਦਾ ਨਾਮ ਦਰਜ ਹਨ। ਇਨ੍ਹਾਂ ਵਿੱਚੋਂ 66,88,245 ਪੁਰਸ਼ ਵੋਟਰ ਹਨ। 60,99,245 ਮਹਿਲਾ ਤੇ 97 ਤੀਜਾ ਲਿੰਗ ਵੋਟਰ ਹਨ।
ਬੂਥਾਂ ਦੀ ਗਿਣਤੀ
ਰਾਜ ਵਿੱਚ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ 17,268 ਬੂਥ ਸਥਾਪਤ ਕੀਤੇ ਗਏ ਹਨ। 86,340 ਸਰਕਾਰੀ ਮੁਲਾਜ਼ਮਾਂ ਨੂੰ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਵਿੱਚ ਲਾਇਆ ਗਿਆ ਹੈ।