ਮੁੰਬਈ: ਬਾਲੀਵੁੱਡ ਨੂੰ ਵੀਰਵਾਰ ਦੀ ਸਵੇਰ ਵੱਡਾ ਝਟਕਾ ਲੱਗਿਆ ਹੈ। ਸਲਮਾਨ ਖ਼ਾਨ ਦੀਆਂ ‘ਵਾਂਟੇਡ’ ਤੇ ‘ਦਬੰਗ’ ਜਿਹੀਆਂ ਫ਼ਿਲਮਾਂ ਲਈ ਗੀਤ ਲਿਖਣ ਵਾਲੇ ਸਕਰੀਨ-ਰਾਈਟਰ ਤੇ ਗੀਤਕਾਰ ਜਲੀਸ ਸ਼ੇਰਵਾਨੀ ਨਹੀਂ ਰਹੇ। ਜਲੀਸ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਬੁੱਧਵਾਰ ਰਾਤ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ।   ਜਲੀਸ ਦਾ ਮੁੰਬਈ ਦੇ ਹਸਪਤਾਲ ‘ਚ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਜਲੀਸ ਕਾਫੀ ਪ੍ਰਸਿੱਧ ਸਕਰੀਨ-ਰਾਈਟਰ ਤੇ ਗੀਤਕਾਰ ਰਹੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮ ਰਾਈਟਰਜ਼ ਐਸੋਸੀਏਸ਼ਨ ਦੇ ਮੈਂਬਰ ਵੀ ਰਹੇ ਚੁੱਕੇ ਹਨ। ਜਲੀਸ ਨੇ ਸਲਮਾਨ ਖ਼ਾਨ ਲਈ ਕਈ ਫ਼ਿਲਮਾਂ ਵਿੱਚ ਗਾਣੇ ਲਿਖੇ ਹਨ। ਉਨ੍ਹਾਂ ਨੇ ਸਲਮਾਨ ਲਈ ‘ਤੁਮਕੋ ਨਾ ਭੁੱਲ ਪਾਏਂਗੇ’, ‘ਹਮ ਤੁਹਮਾਰੇ ਹੈਂ ਸਨਮ’, ‘ਦਬੰਗ’, ‘ਦਬੰਗ-2’, ‘ਵਾਂਟੇਡ’, ਲਈ ਗਾਣੇ ਲਿਖੇ ਹਨ।
ਜਲੀਸ ਸ਼ੇਰਵਾਨੀ ਯੂਪੀ ਦੇ ਰਹਿਣ ਵਾਲੇ ਸੀ ਤੇ ਆਪਣੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਐਕਟਿੰਗ ਵਿੱਚ ਵੀ ਹੱਥ ਅਜ਼ਮਾਇਆ ਸੀ। ਜਲੀਸ ਨੂੰ ਜਤੇਂਦਰ ਦੀ ਫ਼ਿਲਮ ‘ਕੰਵਰਲਾਲ’ ‘ਚ ਦੇਖਿਆ ਗਿਆ ਸੀ। ਇਸ ਫ਼ਿਲਮ ਦੇ ਡਾਇਲੌਗ ਵੀ ਉਨ੍ਹਾਂ ਨੇ ਆਪ ਹੀ ਲਿਖੇ ਸੀ। ਇੱਕ ਰਾਈਟਰ ਦੇ ਤੌਰ ‘ਤੇ ਉਨ੍ਹਾਂ ਦੀ ਪਹਿਲੀ ਫ਼ਿਲਮ 1987 ‘ਚ ਆਈ ‘ਪ੍ਰਤੀਘਾਤ’ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਗਰਾਮ, ਗੇਮ, ਏਕ ਥਾ ਰਾਜਾ, ਮਾਫੀਆ ਤੇ ਲੋਫਰ ਜਿਹੀਆਂ ਫ਼ਿਲਮਾਂ ਦੇ ਡਾਇਲੌਗ ਵੀ ਲਿਖੇ। ਜਲੀਸ ਸਮਾਜਿਕ ਕਾਰਕੁਨ ਵੀ ਸੀ ਤੇ ਉਹ ਪ੍ਰੋਗ੍ਰੈਸਿਵ ਫਾਉਂਡੇਸ਼ਨ ਐਫ.ਡਬਲਿਊ.ਏ, ਪ੍ਰੈੱਸ ਕਲੱਬ ਆਫ ਇੰਡੀਆ ਦੇ ਮੈਂਬਰ ਵੀ ਸੀ। ਸਿਰਫ ਇਹੀ ਨਹੀਂ ਉਹ ਫ਼ਿਲਮ ਫੈਡਰੇਸ਼ਨ ਆਫ ਇੰਡੀਆ ਦੇ ਮੈਂਬਰ ਵੀ ਸੀ। ਇਹ ਸੰਸਥਾ ਆਸਕਰ ਲਈ ਭਾਰਤੀ ਫ਼ਿਲਮਾਂ ਦੀ ਚੋਣ ਕਰਦੀ ਹੈ।