Sidhu Moose Wala Honored With Waris Shah Intertnational Award: ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ `ਚ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਦਸ ਦਈਏ ਕਿ ਮੂਸੇਵਾਲਾ ਦੇ ਨਾਲ ਨਾਲ ਦੋ ਹੋਰ ਪੰਜਾਬੀ ਪ੍ਰਚਾਰਕ ਸ਼ਖ਼ਸੀਅਤਾਂ ਨੂੰ ਇਹ ਐਵਾਰਡ ਦਿਤਾ ਗਿਆ ਹੈ। ਇੰਨਾਂ ਸ਼ਖ਼ਸੀਅਤਾਂ `ਚ ਪੰਜਾਬੀ ਕਵੀ ਸੁਰਜੀਤ ਪਾਤਰ ਤੇ ਲੇਖਕ ਇੰਦਰਾ ਦੇ ਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਪਾਕਿਸਤਾਨ ਦਾ ਸਭ ਤੋਂ ਉੱਚ ਸਨਮਾਨ ਮੰਨਿਆ ਜਾਂਦਾ ਹੈ। ਜੋ ਕਿ ਪੰਜਾਬੀ ਭਾਸ਼ਾ ਤੇ ਵਿਰਸੇ ਨੂੰ ਪ੍ਰਫੂਲਿੱਤ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਹੀ ਦਿੱਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਤੋਂ ਪਹਿਲਾਂ ਇਹ ਐਵਾਰਡ ਸਿਰਫ਼ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਸੰਗਤ ਪਾਕਿਸਤਾਨ ਵਿੱਚ ਪੰਜਾਬੀ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਲੇਖਕਾਂ ਦੀ ਇੱਕ ਸੰਸਥਾ ਹੈ। ਇਸ ਤੋਂ ਪਹਿਲਾਂ ਇਸੇ ਸੰਸਥਾ ਨੇ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਵੀ ਇਹ ਐਵਾਰਡ ਦਿੱਤਾ ਸੀ। ਸੰਸਥਾ ਦੇ ਨੁਮਾਇੰਦੇ ਇਕਬਾਲ ਕੇਸਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸੰਸਥਾ ਵੱਲੋਂ ਪੰਜਾਬੀ ਲੇਖਕ ਇਲਿਆਸ ਘੁੰਮਣ ਦੀ ਅਗਵਾਈ ਹੇਠ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ’ਤੇ ਕੇਕ ਕੱਟ ਕੇ ਕੀਤੀ ਗਈ। ਤਿੰਨ ਦਿਨ ਚੱਲੇ ਇਸ ਪ੍ਰੋਗਰਾਮ ਦੀ ਸਮਾਪਤੀ ਪਾਕਿਸਤਾਨੀ ਸ਼ਹਿਰ ਸ਼ੇਖੂਪੁਰਾ ਵਿੱਚ ਵਾਰਿਸ ਸ਼ਾਹ ਦੇ ਸਾਲਾਨਾ ਉਰਸ ਪ੍ਰੋਗਰਾਮ ਨਾਲ ਹੋਈ। ਇਸ ਵਿੱਚ ਪਾਕਿਸਤਾਨ ਸਮੇਤ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਲੇਖਕਾਂ, ਕਵੀਆਂ ਨੇ ਯੋਗਦਾਨ ਪਾਇਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੀਆਂ ਦਰਜਨ ਤੋਂ ਵੱਧ ਸੰਸਥਾਵਾਂ ਇਸ ਦਾ ਸਮਰਥਨ ਕੀਤਾ।
ਦੱਸ ਦੇਈਏ ਕਿ ਮਾਨਸਾ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਪੁਲਿਸ ਲਗਾਤਾਰ ਕਾਤਲਾਂ ਦੀ ਗ੍ਰਿਫ਼ਤਾਰ 'ਚ ਜੁਟੀ ਹੋਈ ਹੈ ਅਤੇ ਹੁਣ ਬੁੱਧਵਾਰ ਇਸ ਮਾਮਲੇ 'ਚ ਉਦੋਂ ਵੱਡੀ ਸਫਲਤਾ ਹਾਸਲ ਹੋਈ, ਜਦੋਂ 2 ਗੈਂਗਸਟਰਾਂ ਨੂੰ ਪੁਲਿਸ ਨੇ ਐਨਕਾਊਂਟਰ 'ਚ ਮਾਰ ਸੁੱਟਿਆ। ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਦਾ ਨਾਂ ਦੱਸਿਆ ਜਾ ਰਿਹਾ ਹੈ।