Ram Setu And Thank God Box Office Report: ਬਾਲੀਵੁੱਡ ਇੰਨੀਂ ਦਿਨੀਂ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਖਾਸ ਕਰਕੇ ਸਾਲ 2022 ਤਾਂ ਬਾਲੀਵੁੱਡ ਲਈ ਡਿਜ਼ਾਸਟਰ ਯਾਨਿ ਬਹੁਤ ਖਰਾਬ ਸਾਬਿਤ ਹੋਇਆ ਹੈ। 2-4 ਫ਼ਿਲਮਾਂ ਨੂੰ ਛੱਡ ਕੇ ਕਿਸੇ ਵੀ ਫ਼ਿਲਮ ਨੇ ਵਧੀਆ ਕਮਾਈ ਨਹੀਂ ਕੀਤੀ ਹੈ। ਇਸ ਕਰਕੇ ਬਾਲੀਵੁੱਡ ਇੰਡਸਟਰੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ। ਹੁਣ ਇਹੀ ਹਾਲ ਦੀਵਾਲੀ ਮੌਕੇ ਰਿਲੀਜ਼ ਹੋਈਆਂ ਫ਼ਿਲਮਾਂ `ਥੈਂਕ ਗੌਡ` ਤੇ `ਰਾਮ ਸੇਤੂ` ਦੇ ਨਾਲ ਹੋਇਆ ਹੈ।


ਦੂਜੇ ਦਿਨ ਰਾਮ ਸੇਤੂ ਦੀ ਕਮਾਈ `ਚ ਗਿਰਾਵਟ
ਬਾਲੀਵੁੱਡ ਦੇ ਦਮਦਾਰ ਕਲਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ਰਾਮ ਸੇਤੂ ਨੇ ਪਹਿਲੇ ਦਿਨ ਰਿਕਾਰਡਤੋੜ ਕਮਾਈ ਕੀਤੀ ਸੀ। ਇਸ ਤੋਂ ਬਾਅਦ ਲੱਗਿਆ ਸੀ ਕਿ ਹੁਣ ਖਬਰ ਚੰਗੀ ਹੈ, ਪਰ ਫ਼ਿਲਮ ਦੀ ਰਿਲੀਜ਼ ਦੇ ਦੂਜੇ ਦਿਨ ਬਾਕਸ ਆਫ਼ਿਸ ਤੇ ਕਮਾਈ ਦੇ ਮਾਮਲੇ `ਚ ਫ਼ਿਲਮ ਨੂੰ ਕਰਾਰਾ ਝਟਕਾ ਲੱਗਿਆ ਹੈ। ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਫ਼ਿਲਮ ਦੇ ਕਲੈਕਸ਼ਨ `ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲੇ ਦਿਨ ਫ਼ਿਲਮ ਨੇ 15 ਕਰੋੜ ਦਾ ਕਾਰੋਬਾਰ ਕੀਤਾ ਸੀ, ਜਦਕਿ ਦੂਜੇ ਦਿਨ ਫ਼ਿਲਮ ਦੇ ਕਾਰੋਬਾਰ `ਚ 25 ਫ਼ੀਸਦੀ ਦੀ ਗਿਰਾਵਟ ਆਈ ਅਤੇ ਫ਼ਿਲਮ ਸਿਰਫ਼ 11 ਕਰੋੜ ਕਮਾ ਸਕੀ। ਹੁਣ ਤੱਕ ਰਾਮਸੇਤੂ ਦੀ ਕੁੱਲ ਕਮਾਈ 26 ਕਰੋੜ ਦੱਸੀ ਜਾ ਰਹੀ ਹੈ, ਜੋ ਕਿ ਅਕਸ਼ੇ ਕੁਮਾਰ ਦੀਆਂ ਪਿਛਲੀਆਂ ਫ਼ਿਲਮਾਂ ਤੋਂ ਬੇਹੱਦ ਘੱਟ ਹੈ।


ਥੈਂਕ ਗੌਡ ਦਾ ਵੀ ਹੋਇਆ ਬੁਰਾ ਹਾਲ
ਥੈਂਕ ਗੌਡ ਫ਼ਿਲਮ ਜਿਸ ਦਾ ਸਭ ਨੂੰ ਬੇਸਵਰੀ ਨਾਲ ਇੰਤਜ਼ਾਰ ਸੀ। ਇਹ ਫ਼ਿਲਮ ਵੀ ਚੰਗੀ ਕਮਾਈ ਕਰਨ `ਚ ਕਾਮਯਾਬ ਨਹੀਂ ਹੋ ਸਕੀ। ਫ਼ਿਲਮ ਦਾ ਟਰੇਲਰ ਕਾਫ਼ੀ ਵਧੀਆ ਸੀ। ਫ਼ਿਲਮ ਦੀ ਕਹਾਣੀ ਵੀ ਕਾਫ਼ੀ ਅਲੱਗ ਸੀ, ਜਿਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਹੁਣ ਬਾਲੀਵੁੱਡ ਦੇ ਚੰਗੇ ਦਿਨ ਫ਼ਿਰ ਤੋਂ ਸ਼ੁਰੂ ਹੋ ਸਕਦੇ ਹਨ। ਪਰ ਜਨਤਾ ਨੇ ਇਸ ਫ਼ਿਲਮ ਨੂੰ ਵੀ ਬੁਰੀ ਤਰ੍ਹਾਂ ਨਕਾਰ ਦਿੱਤਾ। ਕਮਾਈ ਦੀ ਗੱਲ ਕਰੀਏ ਤਾਂ ਥੈਂਕ ਗੌਡ ਅਕਸ਼ੇ ਦੀ ਫ਼ਿਲਮ ਰਾਮ ਸੇਤੂ ਤੋਂ ਕਾਫ਼ੀ ਪਿੱਛੇ ਸੀ। ਪਹਿਲੇ ਦਿਨ ਅਜੇ ਦੇਵਗਨ ਦੀ ਫ਼ਿਲਮ ਨੇ 8.10 ਕਰੋੜ ਦਾ ਕਾਰੋਬਾਰ ਕੀਤਾ ਸੀ, ਜਦਕਿ ਦੂਜੇ ਦਿਨ ਫ਼ਿਲਮ ਦੀ ਕਮਾਈ 6 ਕਰੋੜ ਰਹਿ ਗਈ।


ਕਿਉਂ ਬਾਲੀਵੁੱਡ ਫ਼ਿਲਮਾਂ ਨੂੰ ਨਕਾਰ ਰਹੀ ਜਨਤਾ?
ਬਾਲੀਵੁੱਡ ਫ਼ਿਲਮਾਂ ਦਾ ਬਾਕਸ ਆਫ਼ਿਸ ਤੇ ਇਨ੍ਹਾਂ ਬੁਰਾ ਹਾਲ ਦੇਖ ਕੇ ਹਰ ਕਿਸੇ ਦੇ ਮਨ `ਚ ਇਹੀ ਸਵਾਲ ਹੈ ਕਿ ਆਖਰ ਜਨਤਾ ਨੇ ਬਾਲੀਵੁੱਡ ਫ਼ਿਲਮਾਂ ਨੂੰ ਕਿਉਂ ਨਕਾਰ ਦਿੱਤਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਲੀਵੁੱਡ ਦੇ ਦਿੱਗਜ ਐਕਟਰਾਂ ਦੀਆਂ ਫ਼ਿਲਮਾਂ ਜ਼ਰਾ ਵੀ ਨਹੀਂ ਚੱਲ ਰਹੀਆਂ ਹਨ। ਇੰਜ ਲੱਗ ਰਿਹਾ ਹੈ ਕਿ ਜਨਤਾ ਹੁਣ ਉਹੀ ਪੁਰਾਣੇ ਐਕਟਰਾਂ ਨੂੰ ਦੇਖ ਦੇਖ ਕੇ ਬੋਰ ਹੋ ਗਈ ਹੈ। ਇਸ ਦੇ ਨਾਲ ਹੀ ਹਾਲੀਵੁੱਡ ਤੇ ਤਾਮਿਲ ਫ਼ਿਲਮਾਂ ਦੀ ਨਕਲ ਕਰਨਾ ਵੀ ਬਾਲੀਵੁੱਡ ਨੂੰ ਭਾਰੀ ਪੈ ਰਿਹਾ ਹੈ।