Most Popular Punjabi Male Actors 2022: ਸਾਲ 2022 ਖਤਮ ਹੋਣ ‘ਚ ਮਹਿਜ਼ ਕੁੱਝ ਦਿਨ ਬਾਕੀ ਹਨ। ਇਸ ਤੋਂ ਬਾਅਦ 2023 ਦਾ ਆਗ਼ਾਜ਼ ਹੋ ਜਾਵੇਗਾ। ਪਰ ਇਸ ਤੋਂ ਪਹਿਲਾਂ ਕਿ ਇਹ ਸਾਲ ਖਤਮ ਹੋਵੇ, ਆਓ ਇੱਕ ਨਜ਼ਰ ਮਾਰੀਏ ਉਨ੍ਹਾਂ ਪੰਜਾਬੀ ਕਲਾਕਾਰਾਂ ‘ਤੇ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਸ ਸਾਲ ਸੁਰਖੀਆਂ ‘ਚ ਬਣੇ ਰਹੇ। ਵਜ੍ਹਾ ਭਾਵੇਂ ਕੋਈ ਵੀ ਹੋਵੇ ਇਹ ਕਲਾਕਾਰ ਲਾਈਮਲਾਈਟ ‘ਚ ਰਹੇ।
ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਹੈ, ਪਰ ਜਦੋਂ ਤੱਕ ਉਹ ਜ਼ਿੰਦਾ ਸੀ ਖੂਬ ਸੁਰਖੀਆਂ ‘ਚ ਰਿਹਾ ਅਤੇ ਮਰਨ ਤੋਂ ਬਾਅਦ ਵੀ ਉਹ ਹਾਲੇ ਤੱਕ ਸੁਰਖੀਆਂ ਬਣਿਆ ਹੋਇਆ ਹੈ। ਇਸ ਸਾਲ ਜਿਸ ਗਾਇਕ ਦੀ ਸਭ ਤੋਂ ਵੱਧ ਚਰਚਾ ਹੋਈ, ਉਨ੍ਹਾਂ ਵਿਚੋਂ ਸਿੱਧੂ ਦਾ ਨਾਂ ਟੌਪ ‘ਤੇ ਹੈ। ਉਹ ਮਾਨਸਾ ਤੋਂ ਵਿਧਾਨ ਸਭਾ ਸੀਟ ਹਾਰੇ। ਇਸ ਦੀ ਖੂਬ ਚਰਚਾ ਹੋਈ। ਇੱਥੋਂ ਤੱਕ ਕਿ ਸਿੱਧੂ ਦਾ ਖੂਬ ਮਜ਼ਾਕ ਵੀ ਉਡਾਇਆ ਗਿਆ। ਇਸ ਤੋਂ ਬਾਅਦ ਗਾਇਕ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ। 29 ਮਈ 2022 ਨੂੰ ਸਿੱਧੂ ਹਮੇਸ਼ਾ ਦੁਨੀਆ ਤੋਂ ਰੁਖਸਤ ਹੋ ਗਿਆ। ਮਰਨ ਤੋਂ ਬਾਅਦ ਵੀ ਸਿੱਧੂ ਦੇ ਨਾਂ ਕਈ ਰਿਕਾਰਡ ਹੋਏ। ਹਾਲ ਹੀ ‘ਚ ਮੂਸੇਵਾਲਾ ਨੂੰ ਯੂਟਿਊਬ ਵੱਲੋਂ ਡਾਇਮੰਡ ਪਲੇ ਬਟਨ ਮਿਲਿਆ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਉਹ ਇਕਲੌਤਾ ਪੰਜਾਬੀ ਕਲਾਕਾਰ ਹੈ। ਇਸ ਦੇ ਨਾਲ ਨਾਲ ਉਸ ਦੇ ਗੀਤ ਲੰਬੇ ਸਮੇਂ ਤੱਕ ਟਰੈਂਡਿੰਗ ‘ਚ ਰਹੇ। ਉਹ ਜ਼ਿਆਦਾਤਰ ਮਿਉਜ਼ਿਕ ਐਪਸ ਜਿਵੇਂ ਸਪੌਟੀਫਾਈ, ਵਿੰਕ ਤੇ ਯੂਟਿਊਬ ‘ਤੇ ਟੌਪ ਪੰਜਾਬੀ ਗਾਇਕ ਰਿਹਾ ਹੈ।
ਦਿਲਜੀਤ ਦੋਸਾਂਝ
ਇਸ ਲਿਸਟ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਂ ਦੂਜੇ ਨੰਬਰ ‘ਤੇ ਹੈ। ਦਿਲਜੀਤ ਦੋਸਾਂਝ ਇਸ ਸਾਲ ਕਾਫੀ ਲਾਈਮਲਾਈਟ ‘ਚ ਰਹੇ। ਉਹ ਬੁੱਕ ਮਾਇ ਸ਼ੋਅ ਦਾ ਟੌਪ ਆਰਟਿਸਟ ਰਿਹਾ ਹੈ। ਗਾਇਕ ਦੇ ਲਾਈਵ ਸ਼ੋਅ ਲਈ ਮਿਲੀਅਨ ਦੀ ਗਿਣਤੀ ‘ਚ ਲੋਕਾਂ ਨੇ ਟਿਕਟਾਂ ਬੁੱਕ ਕੀਤੀਆਂ। ਇੱਥੋਂ ਪਤਾ ਲੱਗਦਾ ਹੈ ਕਿ ਦਿਲਜੀਤ ਦੀ ਫੈਨ ਫਾਲੋਇੰਗ ਕਿੰਨੀ ਜ਼ਿਆਦਾ ਹੈ। ਇਸ ਦੇ ਨਾਲ ਨਾਲ ਐਕਟਰ ਆਪਣੀ ਫਿਲਮ ‘ਜੋਗੀ’ ਕਰਕੇ ਕਾਫੀ ਚਰਚਾ ‘ਚ ਰਿਹਾ। ਇਸ ਤੋਂ ਇਲਾਵਾ ਉਹ ਆਪਣੀ ਅਗਲੀ ਫਿਲਮ ‘ਚਮਕੀਲਾ’ ਲਈ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਇਸ ਸਾਲ ਆਪਣੇ ਬਿਆਨਾਂ ਕਰਕੇ ਵੀ ਚਰਚਾ ਚ ਰਹੇ। ਦਿਲਜੀਤ ਨੇ ਹਾਲ ਹੀ ਚ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ 100 ਪਰਸੈਂਟ ਪੰਜਾਬ ਸਰਕਾਰ ਦੀ ਨਾਲਾਇਕੀ ਹੈ। ਇਹ ਬਿਆਨ ਖੂਬ ਚਰਚਾ ‘ਚ ਰਿਹਾ।
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਉਹ ਕਲਾਕਾਰ ਹੈ, ਜੋ ਵਿਵਾਦਾਂ ਤੋਂ ਦੂਰ ਹੀ ਰਹਿੰਦਾ ਹੈ। ਫਿਰ ਵੀ ਇਸ ਸਾਲ ਸਿੰਗਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਗਿੱਪੀ ਗਰੇਵਾਲ ਇਸ ਸਾਲ ਆਪਣੀ ਫਿਲਮ ‘ਕੈਰੀ ਆਨ ਜੱਟਾ 3’ ਕਰਕੇ ਲਾਈਮਲਾਈਟ ‘ਚ ਬਣੇ ਰਹੇ। ਇਸ ਦੇ ਨਾਲ ਨਾਲ ਉਹ ਇਸ ਸਾਲ ਪੰਜਾਬੀ ਇੰਡਸਟਰੀ ਨੂੰ ਸਭ ਤੋਂ ਵੱਧ ਫਿਲਮਾਂ ਦੇਣ ਵਾਲੇ ਕਲਾਕਾਰ (ਨਿਰਮਾਤਾ ਤੇ ਕਲਾਕਾਰ ਦੇ ਰੂਪ ;ਚ) ਹਨ। ਇਸ ਤੋਂ ਇਲਾਵਾ ਉਹ ‘ਯਾਰ ਮੇਰਾ ਤਿਤਲੀਆਂ ਵਰਗਾ’ ਤੇ ‘ਹਨੀਮੂਨ’ ‘ਚ ਐਕਟਿੰਗ ਕਰਦੇ ਨਜ਼ਰ ਆਏ ਸੀ। ਇਨ੍ਹਾਂ ਦੋਵੇਂ ਫਿਲਮਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।
ਗਾਇਕ ਕਾਕਾ
ਗਾਇਕ ਕਾਕਾ ਪੰਜਾਬੀ ਇੰਡਸਟਰੀ ‘ਚ ਸਟਾਰ ਦੇ ਰੂਪ ‘ਚ ਸਥਾਪਤ ਹੋ ਗਿਆ ਹੈ। ਉਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਉਸ ਦੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ। ਇਸ ਸਾਲ ਕਾਕਾ ਵੀ ਕਈ ਕਾਰਨਾਂ ਕਰਕੇ ਲਾਈਮਲਾਈਟ ‘ਚ ਰਿਹਾ ਹੈ। ਇਸ ਸਾਲ ਕਾਕਾ ਨੇ ਕਈ ਹਿੱਟ ਗੀਤ ਇੰਡਸਟਰੀ ਦੀ ਝੋਲੀ ਪਾਏ। ਖਾਸ ਕਰਕੇ ਗਾਇਕ ਦਾ ‘ਮਿੱਟੀ ਦੇ ਟਿੱਬੇ’ ਗਾਣਾ ਕਾਫੀ ਹਿੱਟ ਰਿਹਾ ਸੀ। ਇਸ ਗੀਤ ਨੇ ਕਈ ਰਿਕਾਰਡ ਬਣਾਏ ਸੀ। ਇਸ ਦੇ ਨਾਲ ਨਾਲ ਕਾਕਾ ਆਪਣੇ ਹਿਸਾਰ ਲਾਈਵ ਸ਼ੋਅ ਕਰਕੇ ਚਰਚਾ ‘ਚ ਰਿਹਾ, ਕਿਉਂਕਿ ਇਸ ਸ਼ੋਅ ‘ਚ ਕਾਫੀ ਹੰਗਾਮਾ ਹੋਇਆ ਸੀ। ਇਸ ਦੇ ਨਾਲ ਹੀ ਇਸੇ ਸਾਲ ਉਸ ਨੇ ਆਪਣੇ ਰਿਸ਼ਤੇ ਦਾ ਐਲਾਨ ਵੀ ਕੀਤਾ ਸੀ। ਉਸ ਨੇ ਆਪਣੀ ਪ੍ਰੇਮਿਕਾ ਦੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕੀਤੀ ਸੀ।
ਬਿਨੂੰ ਢਿੱਲੋਂ
ਬਿਨੂੰ ਢਿੱਲੋਂ ਵੀ ਇਸ ਸਾਲ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ। ਇਹ ਸਾਲ ਬਿਨੂੰ ਢਿੱਲੋਂ ਲਈ ਫਿਲਮਾਂ ‘ਚ ਭਾਵੇਂ ਸਫਲਤਾ ਵਾਲਾ ਰਿਹਾ ਹੋਵੇ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਇਸ ਸਾਲ ਕਈ ਤੂਫਾਨ ਆਏ। ਇਸ ਸਾਲ ਕੁੱਝ ਹੀ ਮਹੀਨਿਆਂ ਦੇ ਫਰਕ ਨਾਲ ਉਨ੍ਹਾਂ ਦੇ ਮਾਪੇ ਦੁਨੀਆ ਨੂੰ ਅਲਵਿਦਾ ਆਖ ਗਏ। ਮਾਪਿਆਂ ਦੀ ਮੌਤ ਨੇ ਬਿਨੂੰ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਇਸ ਦਾ ਪਤਾ ਕਲਾਕਾਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਲੱਗਦਾ ਹੈ।
ਇੰਦਰਜੀਤ ਨਿੱਕੂ
ਸਾਲ 2022 ਦਾ ਜਦੋਂ ਵੀ ਜ਼ਿਕਰ ਹੋਵੇਗਾ, ਇੰਦਰਜੀਤ ਨਿੱਕੂ ਦਾ ਨਾਂ ਵੀ ਜ਼ਰੂਰ ਲਿਆ ਜਾਵੇਗਾ। ਇੰਦਰਜੀਤ ਨਿੱਕੂ ਇਸ ਸਾਲ ਅਗਸਤ ਮਹੀਨੇ ‘ਚ ਕਾਫੀ ਚਰਚਾ ‘ਚ ਰਹੇ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋਈ, ਜਿਸ ਵਿੱਚ ਉਹ ਇਕ ਬਾਬੇ ਦੇ ਦਰਬਾਰ ‘ਚ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ। ਉਹ ਬਾਬੇ ਨੂੰ ਰੋਂਦੇ ਹੋਏ ਆਪਣੇ ਬੁਰੇ ਸਮੇਂ ਬਾਰੇ ਦੱਸ ਰਹੇ ਹਨ। ਇਸ ਤੋਂ ਬਾਅਦ ਹੀ ਇੰਦਰਜੀਤ ਨਿੱਕੂ ਸੁਰਖੀਆਂ ‘ਚ ਆ ਗਏ। ਪੂਰੇ ਪੰਜਾਬ ਨੂੰ ਪਤਾ ਲੱਗ ਗਿਆ ਕਿ ਇੰਦਰਜੀਤ ਨਿੱਕੂ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਪੰਜਾਬੀ ਇੰਡਸਟਰੀ ਉਨ੍ਹਾਂ ਦੇ ਸਪੋਰਟ ‘ਚ ਖੜੀ ਹੋ ਗਈ। ਇਸ ਸਾਲ ਇੰਦਰਜੀਤ ਨਿੱਕੂ ਨੇ ਆਪਣੇ ਕਰੀਅਰ ਦੀ ਦੂਜੀ ਪਾਰੀ ਸ਼ੁਰੂ ਕੀਤੀ। ਉਹ ਆਪਣੀ ਸਫਲਤਾ ਦਾ ਖੂਬ ਅਨੰਦ ਮਾਣ ਰਹੇ ਹਨ।
ਜੈਜ਼ੀ ਬੀ
ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਇਸ ਸਾਲ ਜੈਜ਼ੀ ਬੀ ਕਾਫੀ ਚਰਚਾ ਦਾ ਵਿਸ਼ਾ ਰਹੇ। ਉਨ੍ਹਾਂ ਨੇ 2022 ਵਿੱਚ ਪੰਜਾਬੀ ਇੰਡਸਟਰੀ ‘ਚ 29 ਸਾਲ ਪੂਰੇ ਕਰ ਲਏ। ਇਸ ਖੁਸ਼ੀ ‘ਚ ਉਨ੍ਹਾਂ ਨੇ ਆਪਣੀ ਐਲਬਮ ‘ਬੋਰਨ ਰੈਡੀ’ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਭਾਰਤ ਵਿੱਚ ਹਾਲ ਹੀ ‘ਚ ਦੁਬਾਰਾ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਇਸ ਗੱਲ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਉਂਕਿ ਜੈਜ਼ੀ ਬੀ ਨੇ ਕਿਸਾਨ ਅੰਦੋਲਨ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਕਰਕੇ ਗਾਇਕ ਕੇਂਦਰ ਸਰਕਾਰ ਦੇ ਰਾਡਾਰ ‘ਤੇ ਆ ਗਿਆ ਸੀ।
ਪਰਮੀਸ਼ ਵਰਮਾ
ਪਰਮੀਸ਼ ਵਰਮਾ ਵੀ ਇਸ ਸਾਲ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹੇ ਹਨ। ਹਾਲ ਹੀ ‘ਚ ਪਰਮੀਸ਼ ਵਰਮਾ ਪਿਤਾ ਬਣੇ ਸੀ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਸੀ। ਇਸ ਦੇ ਨਾਲ ਨਾਲ ਪਰਮੀਸ਼ ਸ਼ੈਰੀ ਮਾਨ ਨਾਲ ਝਗੜੇ ਨੂੰ ਲੈਕੇ ਵੀ ਕਾਫੀ ਸੁਰਖੀਆਂ ‘ਚ ਰਹੇ।
ਐਮੀ ਵਿਰਕ
ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇਸ ਸਾਲ ਕਾਫੀ ਸੁਰਖੀਆਂ ‘ਚ ਰਹੇ। ਗਾਇਕ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਉਸ ਦੀ ਫਿਲਮ ‘ਓਏ ਮੱਖਣਾ’ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ। ਕਿਉਂਕਿ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ। ਇਸ ਦੇ ਨਾਲ ਨਾਲ ਫਿਲਮ ਦਾ ਗਾਣਾ ‘ਚੰਨ ਸਿਤਾਰੇ’ ਜ਼ਬਰਦਸਤ ਹਿੱਟ ਹੋਇਆ। ਇਸ ਗੀਤ ਨੂੰ ਯੂਟਿਊਬ ‘ਤੇ 6 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਇੰਸਟਾਗ੍ਰਾਮ ‘ਤੇ ਇਸ ਗਾਣੇ ‘ਤੇ ਖੂਬ ਰੀਲਾਂ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਐਮੀ ਵਿਰਕ ਦੀ ਇਕ ਹੋਰ ਬਾਲੀਵੁੱਡ ਫਿਲਮ ਆ ਰਹੀ ਹੈ, ਜਿਸ ਵਿੱਚ ਉਹ ਵਿੱਕੀ ਕੌਸ਼ਲ ਨਾਲ ਨਜ਼ਰ ਆਉਣਗੇ।
ਰਣਜੀਤ ਬਾਵਾ
ਰਣਜੀਤ ਬਾਵਾ ਨੂੰ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਬਾਵਾ ਕਾਫੀ ਸੁਰਖੀਆਂ ‘ਚ ਰਿਹਾ, ਕਿਉਂਕਿ ਗਾਇਕ ਦੇ ਘਰ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੇ ਨਾਲ ਨਾਲ ਕੰਵਰ ਗਰੇਵਾਲ ਦੇ ਘਰ ਵੀ ਐਨਆਈਏ ਨੇ ਦਬਿਸ਼ ਦਿੱਤੀ। ਇਨ੍ਹਾਂ ਦੋਵੇਂ ਮਾਮਲਿਆਂ ਦਾ ਲਿੰਕ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੇ ਨਾਲ ਹੈ, ਕਿਉਂਕਿ ਇਹ ਦੋਵੇਂ ਗਾਇਕ ਕਿਸਾਨ ਅੰਦੋਲਨ ਨੂੰ ਖੁੱਲ੍ਹ ਕੇ ਸਮਰਥਨ ਦਿੰਦੇ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਇਨ੍ਹਾਂ ਨੇ ਕਿਸਾਨ ਅੰਦੋਲਨ ਲਈ ਕੁੱਝ ਰਾਸ਼ੀ ਦਾਨ ‘ਚ ਵੀ ਦਿੱਤੀ ਸੀ।
ਇਹ ਵੀ ਪੜ੍ਹੋ: ਸਰਗੁਣ ਮਹਿਤਾ ਤੋਂ ਸੋਨਮ ਬਾਜਵਾ, ਇਹ ਹਨ ਸਾਲ 2022 ਦੀਆਂ ਟੌਪ ਪੰਜਾਬੀ ਅਭਿਨੇਤਰੀਆਂ