ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਅੰਮ੍ਰਿਤਸਰ/ਚੰਡੀਗੜ੍ਹ: ਪੰਜਾਬ 'ਚ ਇਨ੍ਹੀਂ ਦਿਨੀਂ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਹਰ ਕੋਈ ਇਸ ਘਟਨਾ 'ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦੇ ਨਾਲ ਹੀ ਕਾਂਗਰਸ ਦੇ ਆਪਣੇ ਲੀਡਰ ਵੀ ਆਵਾਜ਼ ਉਠਾਉਣ ਲੱਗੇ ਹਨ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਮਗਰੋਂ ਅੰਮ੍ਰਿਤਸਰ ਤੋਂ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਨੇ ਵੱਡੇ ਸਵਾਲ ਉਠਾਏ ਹਨ।

ਔਜਲਾ ਨੇ ਕਿਹਾ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਇੰਟੈਲੀਜੈਂਸ ਵਿੰਗ ਦੀ ਨਾਕਾਮੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਵਿੰਗ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਨਹੀਂ ਦਿੱਤੀ। ਉਂਝ ਔਜਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮੁੱਖ ਮੰਤਰੀ ਹਰ ਥਾਂ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਦਾ ਵੀ ਕੋਈ ਦੋਸ਼ ਨਹੀਂ, ਸਗੋਂ ਵਿਧਾਇਕਾਂ ਦੀ ਤਾਂ ਅਧਿਕਾਰੀ ਨਹੀਂ ਸੁਣਦੇ।

ਘਰ 'ਚ ਚੱਲ ਰਹੀ ਸੀ ਸ਼ਰਾਬ ਦੀ ਫੈਕਟਰੀ, ਮੌਤ ਦੇ ਸੌਦਾਗਰਾਂ 'ਤੇ ਪੁਲਿਸ ਦੀ ਸਖ਼ਤੀ, 12 ਅੜਿੱਕੇ, 8 'ਤੇ ਸ਼ਿਕੰਜਾ

ਔਜਲਾ ਨੇ ਕਿਹਾ ਕਿ ਇਸ ਮਾਮਲੇ 'ਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੌਤਾਂ ਲਈ ਪੁਲਿਸ ਤੇ ਐਕਸਾਈਜ ਵਿਭਾਗ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ, ਭਾਵੇਂ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਦੀ ਜਾਂਚ ਕਰਵਾ ਲਈ ਜਾਵੇ, ਸਭ ਪਤਾ ਲੱਗ ਜਾਵੇਗਾ ਕਿ ਪੰਜਾਬ ਕਿੱਥੇ ਖੜ੍ਹਾ ਹੈ।

ਇੰਨਾ ਹੀ ਨਹੀਂ ਔਜਲਾ ਨੇ ਕਿਹਾ ਕਿ ਕਾਂਗਰਸੀ ਸਰਪੰਚਾਂ ਤੇ ਆਮ ਲੋਕਾਂ ਦੇ ਘਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਪਰ ਜਿੱਥੇ ਸ਼ਰਾਬ ਵਿਕਦੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਸਾਰੀ ਪੁਲਿਸ ਗਲਤ ਨਹੀਂ ਪਰ ਜੋ ਜਿੰਮੇਵਾਰ ਹਨ, ਉਨ੍ਹਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।

ਬੇਸ਼ੱਕ ਔਜਲਾ ਨੇ ਕਾਂਗਰਸੀ ਲੀਡਰਾਂ ਦਾ ਬਚਾਅ ਕੀਤਾ ਪਰ ਅਹਿਮ ਗੱਲ ਹੈ ਕਿ ਪੁਲਿਸ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੈ। ਇਸ ਲਈ ਜੇਕਰ ਪੁਲਿਸ ਸਹੀ ਕਾਰਵਾਈ ਨਹੀਂ ਕਰ ਰਹੀ ਤਾਂ ਸਵਾਲ ਕੈਪਟਨ 'ਤੇ ਹੀ ਉੱਠਦੇ ਹਨ। ਵਿਰੋਧੀ ਧਿਰਾਂ ਪਹਿਲਾਂ ਹੀ ਇਸ ਗੱਲ਼ ਨੂੰ ਲੈ ਕੇ ਕੈਪਟਨ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ।

ਸੰਨੀ ਦਿਓਲ ਦੀ ਕੈਪਟਨ ਨੂੰ ਚਿੱਠੀ, ਸ਼ਰਾਬ ਮਾਮਲੇ 'ਚ ਕਹੀਆਂ ਵੱਡੀਆਂ ਗੱਲਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904