ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਮੌਤਾਂ ਦੇ ਮਾਮਲੇ 'ਚ ਪੰਜਾਬ ਪੁਲਿਸ ਪੂਰੇ ਐਕਸ਼ਨ 'ਚ ਨਜ਼ਰ ਆ ਰਹੀ ਹੈ। ਸੂਬੇ 'ਚ ਕਈ ਥਾਂਵਾਂ 'ਤੇ ਛਾਪੇਮਾਰੀ ਕਰ ਪੁਲਿਸ ਹੁਣ ਤਕ ਕਈਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਦਕਿ ਅਜੇ ਵੀ ਅੱਠ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਦੀ ਪੜਤਾਲ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਅੰਮ੍ਰਿਤਸਰ ਦੇ ਸ਼ਰਾਬ ਤਸਕਰ ਨੇ ਘਰ ਹੀ ਸ਼ਰਾਬ ਦੀ ਫੈਕਟਰੀ ਲਾਈ ਹੋਈ ਸੀ।

ਦਰਅਸਲ ਬਟਾਲਾ ਪੁਲਿਸ ਦੀ ਟੀਮ ਨੇ ਜ਼ਹਿਰੀਲੀ ਸ਼ਰਾਬ ਸਬੰਧੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਲੱਗਿਆ ਕਿ ਉਸ ਨੇ ਪਿੰਡ ਵਿੱਚ ਆਪਣੇ ਘਰ ਹੀ ਸ਼ਰਾਬ ਦੀ ਫੈਕਟਰੀ ਲਾਈ ਸੀ। ਇੱਥੇ ਕਈ ਆਟੋਮੈਟਿਕ ਮਸ਼ੀਨਾਂ ਵੀ ਹਨ। ਬਟਾਲਾ ਪੁਲਿਸ ਨੂੰ ਉੱਥੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਵੀ ਮਿਲੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇਹਾਤੀ ਦੀ ਇੱਕ ਟੀਮ ਨੇ ਗੋਬਿੰਦਰ ਨੂੰ ਗ੍ਰਿਫਤਾਰ ਕੀਤਾ। ਗੋਬਿੰਦਰ ਤੇ ਹਰਪ੍ਰੀਤ ਆਪਸ ਵਿੱਚ ਪੁਰਾਣੇ ਜਾਣਕਾਰ ਹਨ।

ਦੱਸ ਦਈਏ ਕਿ ਇਸ ਜ਼ਹਿਰੀਲੇ ਕਾਰੋਬਾਰ 'ਚ ਪੁਲਿਸ ਨੇ ਸੋਮਵਾਰ ਨੂੰ 12 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਦੋ ਵਪਾਰੀ ਵੀ ਸ਼ਾਮਲ ਹਨ। ਹੁਣ ਪੁਲਿਸ ਨੂੰ 8 ਹੋਰ ਮੁਲਜ਼ਮਾਂ ਦੀ ਭਾਲ ਹੈ। ਮੁੱਢਲੀ ਜਾਂਚ 'ਚ ਗ੍ਰਿਫ਼ਤਾਰ ਕੀਤੇ ਗਏ ਗੋਬਿੰਦਰ, ਰਵਿੰਦਰ, ਦਰਸ਼ਨ ਰਾਣੀ, ਤ੍ਰਿਵੇਣੀ ਚੌਹਾਨ ਤੇ ਹਰਪ੍ਰੀਤ ਸਿੰਘ ਇਸ ਕੇਸ ਦਾ ਮੁੱਖ ਮੁਲਜ਼ਮ ਪਾਏ ਗਏ ਹਨ। ਡੀਜੀਪੀ ਦਿਨਕਰ ਗੁਪਤਾ ਮੁਤਾਬਕ ਹੁਣ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ 37 ਹੋ ਗਈ ਹੈ।

ਉਧਰ ਮੁੱਖ ਮੰਤਰੀ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਮੁਅੱਤਲ ਕੀਤੇ ਦੋ ਡੀਐਸਪੀਜ਼, ਚਾਰ ਐਸਐਚਓ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਛੇ ਮੁਅੱਤਲ ਕੀਤੇ ਗਏ ਪੁਲਿਸ ਅਧਿਕਾਰੀਆਂ ਤੇ ਸੱਤ ਟੈਕਸ ਤੇ ਆਬਕਾਰੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਨਿਆਇਕ ਜਾਂਚ ਕੀਤੀ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904