ਵਿਸ਼ਵਾਸ ਨਿਊਜ਼ (ਨਵੀਂ ਦਿੱਲੀ ): ਲੋਕ ਸਭਾ ਚੋਣਾਂ 24 ਲਈ ਚੱਲ ਰਹੀ ਵੋਟਿੰਗ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੈਲੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਬਠਿੰਡਾ ਵਿਖੇ ਕੀਤੀ ਰੈਲੀ ਵਿਚ ਹਰਸਿਮਰਤ ਕੌਰ ਬਾਦਲ ਦੇ 2 ਲੱਖ ਵੋਟਾਂ ਨਾਲ ਜਿੱਤਣ ਦੀ ਗੱਲ ਕਹਿ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਸੀਐਮ ਭਗਵੰਤ ਮਾਨ ਦੀ ਬਠਿੰਡਾ ਰੈਲੀ ਦਾ ਹੈ, ਜਿਸ ਵਿੱਚ ਉਹ ਹਰਸਿਮਰਤ ਬਾਦਲ ਨੂੰ ਹਰਾਉਣ ਦੀ ਗੱਲ ਕਰ ਰਹੇ ਸੀ, ਨਾ ਕਿ ਹਰਸਿਮਰਤ ਕੌਰ ਬਾਦਲ ਦੇ ਜਿੱਤਣ ਦੀ ਕੋਈ ਭਵਿੱਖਵਾਣੀ। ਲੋਕ ਭਗਵੰਤ ਮਾਨ ਦੀ ਰੈਲੀ ਦੇ ਇੱਕ ਹਿੱਸੇ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਨਵਜੋਤ ਮਾਹਲਾ ਨੇ (ਆਰਕਾਈਵ ਲਿੰਕ ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਬਠਿੰਡਾ ‘ਚ ਭਗਵੰਤ ਮਾਨ ਦੇ ਮੂੰਹੋਂ ਨਿਕਲਿਆ ਸੱਚ…ਬੀਬਾ ਜੀ 2ਲੱਖ ‘ਤੇ ਜਿੱਤਣਗੇ…”
ਵੀਡੀਓ ਉੱਤੇ ਲਿਖਿਆ ਹੋਇਆ ਹੈ: ਭਗਵੰਤ ਮਾਨ ਨੇ ਬਠਿੰਡੇ ਰੈਲੀ ‘ਚ ਕੀਤੀ ਭਵਿੱਖਵਾਣੀ,ਬੀਬਾ ਬਾਦਲ ਜਿੱਤੂ 2 ਲੱਖ ਦੀ ਲੀਡ ‘ਤੇ”
ਪੜਤਾਲ
ਕਿਉਂਕਿ ਵਾਇਰਲ ਵੀਡੀਓ ਨੂੰ CM ਭਗਵੰਤ ਮਾਨ ਦੀ ਬਠਿੰਡਾ ਰੈਲੀ ਦਾ ਦੱਸਿਆ ਗਿਆ ਹੈ, ਇਸ ਲਈ ਅਸੀਂ ਪੜਤਾਲ ਦੀ ਸ਼ੁਰੂਆਤ ( ਬਠਿੰਡਾ ਸੀਐਮ ਮਾਨ ਰੈਲੀ) ਕੀਵਰਡ ਨਾਲ ਕੀਤੀ। ਸਾਨੂੰ ਅਸਲ ਵੀਡੀਓ ਭਗਵੰਤ ਮਾਨ ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 7 ਮਈ 2024 ਨੂੰ ਅਪਲੋਡ ਕੀਤਾ ਗਿਆ ਸੀ। ਡਿਸਕ੍ਰਿਪਸ਼ਨ ਵਿੱਚ ਲਿਖਿਆ ਹੋਇਆ ਹੈ,”ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਦਾ ਉਤਸ਼ਾਹ ਤੇ ਪਿਆਰ… ਰੋਡ ਸ਼ੋਅ ਦੌਰਾਨ ਬਠਿੰਡਾ ਤੋਂ Live “
ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ ਅਤੇ 22 ਮਿੰਟ 28 ਸੈਕੰਡ ਤੋਂ ਬਾਅਦ ਭਗਵੰਤ ਮਾਨ ਦੇ ਹਿੱਸੇ ਨੂੰ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਇਹ ਕਹਿੰਦੇ ਹਨ ਕਿ, “ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ, ਇਨ੍ਹਾਂ ਦੇ ਟੱਬਰ ‘ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਨਹੀਂ, ਬਸ ਉਹ ਕੰਮ ਕਰ ਦਿਓ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ, ਜੀਜੇ, ਪੁੱਤ, ਭਤੀਜੇ ਕੱਠੇ ਹੋਇਆ ਕਰਣਗੇ, ਉਹ ਕਹਿਣਗੇ ਕਿ ਤੂੰ ਹਾਰ ਗਿਆ, ਉਹ ਕਹਿਣਗੇ ਤੂੰ ਕਿਹੜਾ ਜਿੱਤ ਗਿਆ… 2 ਲੱਖ ‘ਤੇ, 2 ਲੱਖ ‘ਤੇ ਬੀਬਾ ਜੀ 2 ਲੱਖ ‘ਤੇ”
ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਨਿਊਜ 24 ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਮਿਲੀ। 7 ਮਈ 2024 ਨੂੰ ਅਪਲੋਡ ਵੀਡੀਓ ਨਾਲ ਲਿਖਿਆ ਹੋਇਆ ਹੈ,”बादल परिवार के गढ़ Bathinda में CM Bhagwant Mann का रोड शो तीन कमान का इशारा कर साधा निशाना” ਇੱਥੇ ਵੀ ਵੀਡੀਓ ‘ਚ ਅਜਿਹਾ ਕੁਝ ਨਹੀਂ ਮਿਲਾ, ਜਿਵੇਂ ਕਿ ਵਾਇਰਲ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ babushahi ਦੀ ਵੈਬਸਾਈਟ ‘ਤੇ ਵੀ ਮਿਲੀ। 7 ਮਈ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ,”ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ‘ਚ ਰੋਡ ਸ਼ੋਅ ਕਰਦਿਆਂ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕੀਤਾ। ਮਾਨ ਨੇ ਕਿਹਾ ਕਿ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ ਹੈ, ਇਸ ਵਾਰ ਉਸ ਨੂੰ ਵੀ ਕੱਢ ਦਿਓ।”
ਵੀਡੀਓ ਬਾਰੇ ਜਾਣਕਾਰੀ ਲਈ ਅਸੀਂ ਪੰਜਾਬ ਵਿੱਚ ਦੈਨਿਕ ਜਾਗਰਣ ਬਠਿੰਡਾ ਦੇ ਚੀਫ਼ ਰਿਪੋਰਟਰ ਗੁਰਪ੍ਰੇਮ ਲਹਿਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀਡੀਓ ਨੂੰ ਐਡੀਟੇਡ ਦੱਸਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਅੱਠ ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਮੋਗਾ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿਚ ਪਾਇਆ ਕਿ ਭਗਵੰਤ ਮਾਨ ਦੀ ਬਠਿੰਡਾ ਰੈਲੀ ਵਿਖੇ ਦਿੱਤੀ ਗਈ ਸਪੀਚ ਦੇ ਕੁਝ ਹਿੱਸੇ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਵੀਡੀਓ ਨੂੰ ਪੂਰਾ ਸੁਣਿਆ ਅਤੇ ਪਾਇਆ ਕਿ ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀ ਗੱਲ ਕੀਤੀ ਸੀ, ਨਾ ਕਿ ਉਨ੍ਹਾਂ ਦੇ ਜਿੱਤਣ ਦੀ ਕੋਈ ਭਵਿੱਖਵਾਣੀ। ਕੁਝ ਲੋਕ ਅਧੂਰੇ ਕਲਿਪ ਨੂੰ ਸਾਂਝਾ ਕਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
DISCLAIMER: This story was originally published by Vishvasnews.co, as part of the Shakti Collective. This story has not been edited by ABPLIVE staff.